ਰਾਮਪੁਰਾ ਫੂਲ : ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਕੁੱਲ ਹਿੰਦ ਕਿਸਾਨ ਸਭਾ ਵਲੋਂ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੇ ਸੈਕਟਰੀ ਰਾਹੀ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ ਗਿਆ | ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਭਾਕਿਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਅਤੇ ਕ੍ਰਾਂਤੀਕਾਰੀ ਭਾਕਿਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਢਿਪਾਲੀ ਅਤੇ ਜ਼ਿਲ੍ਹਾ ਖ਼ਜ਼ਾਨਚੀ ਜਗਮੇਲ ਮਹਿਰਾਜ ਨੇ ਕਿਹਾ ਕਿ ਫ਼ਸਲਾਂ ਦਾ ਭਾਅ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਮੁਤਾਬਿਕ 50 ਫ਼ੀਸਦੀ ਮੁਨਾਫ਼ਾ ਜੋੜ ਕੇ ਦਿੱਤਾ ਜਾਵੇ, ਝੋਨੇ ਦੀ ਐਮ ਐਸ ਪੀ 1710 ਰੁਪਏ ਤੋਂ ਵਧਾਕੇ 2370 ਰੁਪਏ ਕੀਤਾ ਜਾਵੇ, ਨਰਮੇ ਦੀ ਐਮ ਐਸ ਪੀ 5400 ਨੂੰ ਵਧਾ ਕੇ 6771 ਰੁਪਏ ਕੀਤੀ ਜਾਵੇ, ਫ਼ਸਲਾਂ ਦੇ ਰੇਟਾਂ ਵਿਚ ਵੀ 50 ਫ਼ੀਸਦੀ ਮੁਨਾਫ਼ਾ ਜੋੜ ਕੇ ਦਿੱਤਾ ਜਾਵੇ, ਝੋਨੇ ਵਿਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵਧਾ 22 ਪ੍ਰਤੀਸ਼ਤ ਕੀਤੀ ਜਾਵੇ, ਬਾਸਮਤੀ ਝੋਨੇ ਦੀ ਕਿਸਮ 112 ਦਾ ਰੇਟ 5500 ਰੁਪਏ ਦਿੱਤਾ ਜਾਵੇ, ਬਾਸਮਤੀ ਝੋਨੇ ਦੀ ਕਿਸਮ 1509 ਦਾ ਰੇਟ 4500 ਰੁਪਏ ਦਿੱਤਾ ਜਾਵੇ, ਨਰਮੇ ਅਤੇ ਝੋਨੇ ਸਮੇਤ ਹਾੜੀ ਅਤੇ ਸਾਉਣੀ ਦੀਆ ਫ਼ਸਲਾਂ ਦੀ ਸਰਕਾਰੀ ਖ਼ਰੀਦ ਗਾਰੰਟੀ ਕੀਤੀ ਜਾਵੇ ਦੀ ਮੰਗ ਕੀਤੀ ਗਈ | ਇਸ ਮੌਕੇ ਕੁਲਦੀਪ ਸੇਲਬਰਹਾ, ਦਰਸ਼ਨ ਸੇਲਬਰਹਾ, ਅਮਰੀਕ ਮਹਿਰਾਜ, ਕੁਲਦੀਪ ਮਹਿਰਾਜ, ਸੁਖਦੇਵ ਬੱਜੋਆਣਾ, ਮੱਖਣ ਲਾਲ, ਪਰਮਜੀਤ ਪੰਮੀ, ਬਹਾਦਰ ਸਿੰਘ, ਸੁਖਜੀਤ ਸਿੰਘ ਹਾਜ਼ਰ ਸਨ|