
ਜਲੰਧਰ, 22 ਜਨਵਰੀ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕੇਂਦਰ ਪ੍ਰਸ਼ਾਸ਼ਤ ਪ੍ਰਦੇਸ਼ ਦਿੱਲੀ ਦੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਰਾਸ਼ਟਰਪਤੀ ਵਲੋਂ ਅਯੋਗ ਕਰਾਰ ਦੇ ਕੇ ਬਰਖਾਸਤ ਕਰ ਦੇਣ ਦੇ ਫੈਸਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਐਮ.ਐਲ.ਏਜ਼ ਪ੍ਰਤੀ ਅਜੇਹਾ ਅਸੰਵੇਦਨਸ਼ੀਲ ਵਤੀਰਾ ਅਪਣਾਉਣਾ ਅਸਲ ਵਿਚ ਜਮਹੂਰੀਅਤ ਦੇ ਜੜ੍ਹੀਂ ਤੇਲ ਦੇਣ ਦੇ ਤੁਲ ਹੈ, ਅਤੇ ਇਸ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸੰਦਰਭ ਵਿਚ ਜਿੱਥੇ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੇ, ਆਪਣੀ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ, ਮੋਦੀ ਸਰਕਾਰ ਦੇ ਸੌੜੇ ਸਿਆਸੀ ਹਿੱਤਾਂ ਖਾਤਰ ਇਕ ਮੰਦਭਾਗੀ ਸਿਫਾਰਸ਼ ਕਰਕੇ ਸਰਕਾਰ ਪ੍ਰਤੀ ਆਪਣੀ ਸੌੜੀ ਤੇ ਪੱਖਪਾਤੀ ਅਹਿਸਾਨ ਮੰਦੀ ਦਾ ਪ੍ਰਗਟਾਵਾ ਕੀਤਾ, ਉਥੇ ਦੇਸ਼ ਦੇ ਰਾਸ਼ਟਰਪਤੀ ਵਲੋਂ ਵੀ ਇਸ ਗਲਤ ਫੈਸਲੇ ‘ਤੇ ਤੁਰੰਤ ਮੋਹਰ ਲਾ ਕੇ ਸੰਘ ਪਰਿਵਾਰ ਵਾਲੀ ਫਿਰਕੂ ਮਾਨਸਿਕਤਾ ਨੂੰ ਹੀ ਰੂਪਮਾਨ ਕੀਤਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਘੋਰ ਅਪਰਾਧੀ ਕਿਰਦਾਰ ਵਾਲੇ ਸਿਆਸੀ ਆਗੂਆਂ ਬਾਰੇ ਤਾਂ ਬਹੁਤੀ ਵਾਰ ਅਜੇਹੇ ਫੈਸਲੇ ਸਾਲਾਂਬੱਧੀ ਲਟਕਾਏ ਜਾਂਦੇ ਹਨ, ਪ੍ਰੰਤੂ ਏਥੇ ਸਿਰਫ ਮਾਮੂਲੀ ਜਹੀ ਤਕਨੀਕੀ ਕਮੀ ਦੇ ਆਧਾਰ ‘ਤੇ ਹੀ ਅਜੇਹਾ ਨਿੰਦਣਯੋਗ ਫੈਸਲਾ ਤੁਰੰਤ ਲੈ ਲਿਆ ਗਿਆ ਹੈ। ਇਹ ਸਪੱਸ਼ਟ ਰੂਪ ਵਿਚ ਸੰਘ ਪਰਿਵਾਰ ਦੀਆਂ ਦਿਨੋ ਦਿਨ ਤਿੱਖੀਆਂ ਹੁੰਦੀਆਂ ਜਾ ਰਹੀਆਂ ਤਾਨਾਸ਼ਾਹੀ ਪਹੁੰਚਾਂ ਦੀ ਇਕ ਹੋਰ ਖਤਰਨਾਕ ਉਦਾਹਰਣ ਹੈ, ਜਿਸ ਦਾ ਵਿਆਪਕ ਰੂਪ ਵਿਚ ਵਿਰੋਧ ਕੀਤਾ ਜਾਣਾ ਚਾਹੀਦਾ ਹੈ। (ਮੰਗਤ ਰਾਮ ਪਾਸਲਾ)