Now Reading
ਆਰਐੱਮਪੀਆਈ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ

ਆਰਐੱਮਪੀਆਈ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ

ਗੁਰਦਾਸਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਕਮੇਟੀ ਦੀ ਮੀਟਿੰਗ ਕਾਮਰੇਡ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿੱਚ ਹੋਈ। ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਿੰਡ ਜੋਗੋਵਾਲ ਕਲਾਂ ਵਿੱਚ ਸੱਤ ਸਾਲਾਂ ਦੀ ਮਾਸੂਮ ਬੱਚੀ ਦਾ ਜਬਕ-ਜਨਾਹ ਕਰਕੇ ਹੱਤਿਆ ਕਰਨ ਦੀ ਦਰਦਨਾਕ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਕਿਹਾ ਕਿ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਔਰਤਾਂ ਅਤੇ ਮਾਸੂਮ ਬੱਚੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਨਾ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜੇ ਕਰਦੀਆਂ ਹਨ। ਇਸ ਮੌਕੇ ਜੋਗੋਵਾਲ ਕਲਾਂ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਸੀਬੀਆਈ ਜਾਂਚ ਕਰਵਾ ਕੇ ਸਮੂਹ ਸਬੰਧਤ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ ਗਈ।
ਮੀਟਿੰਗ ਦੌਰਾਨ ਉਕਤ ਮੰਗਾਂ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ 22 ਅਗਸਤ ਨੂੰ ਸ਼ਹਿਰ ਦੇ ਨਹਿਰੂ ਪਾਰਕ ਵਿਖੇ ਰੋਸ ਪ੍ਰਦਰਸ਼ਨ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਐੱਸਐੱਸਪੀ ਦਫ਼ਤਰ ਸਾਹਮਣੇ ਧਰਨਾ ਦੇਣ ਦੇ ਫੈਸਲਾ ਲਿਆ ਗਿਆ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘੁਬੀਰ ਸਿੰਘ ਪਕੀਵਾ, ਸੂਬਾ ਕਮੇਟੀ ਮੈਂਬਰ ਨੱਥਾ ਸਿੰਘ, ਕਾਮਰੇਡ ਨੀਲਮ ਘੁਮਾਣ, ਸ਼ਮਸ਼ੇਰ ਸਿੰਘ ਨਵਾਂਪਿੰਡ, ਅਜੀਤ ਸਿੰਘ ਸਿੱਧਵਾਂ, ਅਵਤਾਰ ਸਿੰਘ, ਅਜੀਤ ਸਿੰਘ ਠੱਕਰਸੰਧੂ, ਗੁਰਦਿਆਲ ਸਿੰਘ ਘੁਮਾਣ, ਸੁਰਜੀਤ ਘੁਮਾਣ, ਜਸਵੰਤ ਸਿੰਘ ਬੁੱਟਰ, ਸੁਭਾਸ਼ ਸ਼ਰਮਾ, ਕਰਮ ਸਿੰਘ, ਨਿਰਮਲ ਸਿੰਘ ਬੋਪਾਰਾਏ ਅਤੇ ਦਰਸ਼ਨ ਸਿੰਘ ਹਾਜ਼ਰ ਸਨ।

Scroll To Top