Now Reading
ਆਰਐਮਪੀਆਈ ਵੱਲੋਂ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ

ਆਰਐਮਪੀਆਈ ਵੱਲੋਂ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ

ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਅੱਜ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ਇਥੋਂ ਦੇ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਹ ਧਰਨਾ ਝੂਠੇ ਕੇਸ ਦਰਜ ਕਰਨ, ਨਸ਼ੇ ਦੇ ਕੰਮ ‘ਚ ਬੇਰੋਕ ਵਾਧੇ, ਜ਼ਮੀਨਾਂ ਨਾਲ ਸਬੰਧਤ ਮਾਮਲਿਆਂ ‘ਚ ਬੇਲੋੜੀ ਦਖ਼ਲਅੰਦਾਜ਼ੀ ਅਤੇ ਰੇਤੇ ਦੇ ਕੰਮ ‘ਚ ਗੈਰਕਾਨੂੰਨੀ ਢੰਗ ਨਾਲ ਲੱਗੇ ਕੁੱਝ ਲੋਕਾਂ ਖ਼ਿਲਾਫ ਕੋਈ ਕਾਰਵਾਈ ਨਾ ਕਰਨ ‘ਤੇ ਦਿੱਤਾ ਗਿਆ। ਇਸ ਮੌਕੇ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਮਸਲਿਆਂ ਦੇ ਹੱਲ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਗੋਂ ਲਾਰੇ ਦਰ ਲਾਰੇ ਲਗਾਏ ਜਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਵੱਲੋਂ ਟਾਲਮਟੋਲ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਗਲਤ ਵਿਅਕਤੀਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਫਿਲੌਰ ਨੇ ਇੱਕ ਲੜਕੀ ਦਾ ਮਸਲਾ ਧਿਆਨ ‘ਚ ਲਿਉਂਦਿਆਂ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ। ਕੁਲਦੀਪ ਫਿਲੌਰ ਨੇ ਕਿਹਾ ਕਿ ਸ਼ਹਿਰ ਦੀ ਇੱਕ ਔਰਤ ਵੱਲੋਂ ਬਹੁਤ ਸਾਰੇ ਲੋਕਾਂ ਦੇ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਦਾ ਨਾਮ ਲੈ ਕੇ ਆਤਮ ਹੱਤਿਆਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੁਲੀਸ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਹਨ। ਇਸ ਧਰਨੇ ਨੂੰ ਹੋਰਨਾ ਤੋਂ ਇਲਾਵਾ ਮੱਖਣ ਪੱਲਣ, ਮੇਜਰ ਫਿਲੌਰ, ਮਾ. ਸ਼ਿੰਗਾਰਾ ਸਿੰਘ ਦੁਸਾਂਝ, ਸ਼ਿਵ ਤਿਵਾੜੀ, ਪਰਮਜੀਤ ਰੰਧਾਵਾ, ਡਾ. ਸਰਬਜੀਤ ਮੁਠੱਡਾ, ਬਨਾਰਸੀ ਦਾਸ, ਸੁਖ ਰਾਮ, ਮਨਜੀਤ ਸੂਰਜਾ, ਅਜੇ ਫਿਲੌਰ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਗੁਰਦੀਪ ਗੋਗੀ ਨੇ ਸੰਬੋਧਨ ਕੀਤਾ। ਇਸ ਮੌਕੇ ਪੁੱਜੇ ਡੀਐਸਪੀ ਫਿਲੌਰ ਸ਼੍ਰੀ ਅਮਰੀਕ ਸਿੰਘ ਚਾਹਲ ਨੇ ਆਗੂਆਂ ਵੱਲੋਂ ਉਠਾਏ ਮਸਲੇ ਧਿਆਨ ਨਾਲ ਸੁਣੇ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਧਿਆਨ ‘ਚ ਲਿਆਂਦੇ ਗਏ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ। ਜਿਸ ‘ਤੇ ਧਰਨਾ ਸਮਾਪਤ ਕੀਤਾ ਗਿਆ।

Scroll To Top