ਇੰਦਰਜੀਤ ਚੁਗਾਵਾਂ
ਰੰਗ ਵੀ ਕਿਹੋ ਜਿਹੀ ਚੀਜ ਹੁੰਦੇ ਹਨ! ਵੱਖੋ-ਵੱਖ ਰੰਗ, ਹਰ ਬੰਦੇ ਦੀ ਆਪੋ-ਆਪਣੀ ਪਸੰਦ। ਕਾਸ਼ਣੀ ਰੰਗ ਮੇਰਾ ਮਨ-ਭਾਉਂਦਾ ਰੰਗ ਹੈ ਪਰ ਮੈਂ ਦੂਸਰੇ ਰੰਗਾਂ ਨੂੰ ਵੀ ਪਿਆਰਦਾ ਹਾਂ ਕਿਉਂਕਿ ਉਨ੍ਹਾਂ ਰੰਗਾਂ ਦੀ ਬਦੌਲਤ ਹੀ ਕਾਸ਼ਣੀ ਰੰਗ ਦੀ ਸ਼ਾਨ ਹੈ। ਰੰਗਾਂ ਤੋਂ ਬਿਨਾਂ ਜ਼ਿੰਦਗੀ ਕਿੰਨੀ ਨੀਰਸ ਹੋ ਸਕਦੀ ਹੈ, ਇਹ ਸੋਚ ਕੇ ਹੀ ਪਰੇਸ਼ਾਨੀ ਜਿਹੀ ਪੈਦਾ ਹੋ ਜਾਂਦੀ ਹੈ।
ਰੰਗਾਂ ਬਾਰੇ ਸਾਡੇ ਜ਼ਿਹਨ ’ਚ ਕੁੱਝ ਧਾਰਨਾਵਾਂ ਸਹਿਜ-ਸੁਭਾਅ ਪੈਦਾ ਹੋ ਜਾਂਦੀਆਂ ਹਨ। ਸ਼ਗਨਾਂ ਦੇ ਮੌਕੇ ਲਾਲ ਰੰਗ ਹੀ ਚੰਗਾ ਹੁੰਦਾ ਹੈ, ਇਹ ਗੱਲ ਸਾਡੇ ਖੂਨ ’ਚ ਰਚੀ ਹੋਈ ਹੈ। ਸਿੱਖਾਂ-ਹਿੰਦੂਆਂ ’ਚ ਸੋਗ ਮੌਕੇ ਚਿੱਟਾ ਰੰਗ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਮੁਸਲਿਮ ਭਾਈਚਾਰਾ ਸੋਗ ਮੌਕੇ ਕਾਲੇ ਰੰਗ ਨੂੰ ਤਰਜ਼ੀਹ ਦਿੰਦਾ ਹੈ। ਇਨ੍ਹਾਂ ਮੌਕਿਆਂ ’ਤੇ ਹੋਰ ਰੰਗ ਬਾਰੇ ਕੋਈ ਸੋਚ ਹੀ ਨਹੀਂ ਸਕਦਾ। ਜੇ ਕੋਈ ਹਿੰਮਤ ਕਰਦਾ ਵੀ ਹੈ ਤਾਂ ਪਰਿਵਾਰ ’ਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਰੰਗ ਤਾਂ ਰੰਗ ਹੀ ਐ, ਬਦਰੰਗ ਤਾਂ ਮਨੁੱਖ ਦੀ ਮਨੋ-ਅਵਸਥਾ ਹੈ। ਚਿੱਟਾ ਰੰਗ ਅਮਨ-ਸ਼ਾਂਤੀ ਦਾ ਪ੍ਰਤੀਕ ਕਿਸ ਨੇ ਬਣਾਇਆ, ਕਾਲੇ ਰੰਗ ਨੂੰ ਮਨਹੂਸ ਕਿਉਂ ਕਿਹਾ ਜਾਂਦੈ? ਇਹ ਸੁਆਲ ਅਕਸਰ ਮਨ ’ਚ ਉੱਠਦੇ ਰਹਿੰਦੇ ਹਨ। ਨਾਜ਼ਾਇਜ ਢੰਗ ਨਾਲ ਕਮਾਇਆ ਧੰਨ, ਕਾਲਾ ਕਿਓੁਂ ਹੈ, ਉਸ ਨੂੰ ਨਾਜ਼ਾਇਜ ਧੰਨ ਜਾਂ ਹਰਾਮੀ ਧੰਨ ਕਿਉਂ ਨਹੀਂ ਕਿਹਾ ਜਾ ਸਕਦਾ?
ਸਾਡੇ ਜ਼ਿਹਨ ’ਚ, ਸਾਡੇ ਪੋਤੜਿਆਂ ’ਚ ਇਹ ਗੱਲ ਘਰ ਕਰ ਗਈ ਹੈ ਕਿ ਕਾਲਾ ਰੰਗ ਚੰਗਾ ਹੋ ਹੀ ਨਹੀਂ ਸਕਦਾ। ਫਿਲਮਾਂ ’ਚ ਨਕਾਰਾਤਮਕ ਰੋਲ ਕਰਨ ਵਾਲੇ ਅਦਾਕਾਰ ਦਾ ਰੰਗ ਕਾਲਾ ਹੀ ਦੇਖਦੇ ਆਏ ਹਾਂ। ਪਤਾ ਨਹੀਂ ਕਾਲੇ ਰੰਗ ਨੇ ਕੀ ਗੁਨਾਹ ਕੀਤੈ? ਅਚਾਨਕ ਕਾਲੇ ਰੰਗ ਦਾ ਬੰਦਾ ਦੇਖ ਕੇ ਡਰ ਜਾਣਾ ਸਾਡੀ ਇੱਕ ਸਹਿਵਨ ਪ੍ਰਤੀਕਿਰਿਆ ਹੈ। ਇਸ ਮਾਨਸਿਕਤਾ ਨੂੰ ਬਦਲਣ ਦਾ ਖਿਆਲ ਮਨ ’ਚ ਸ਼ਾਇਦ ਹੀ ਕਦੇ ਆਇਆ ਹੋਵੇ। ਇਸੇ ਮਾਨਸਿਕਤਾ ਕਾਰਨ ਹੀ ਸਿਆਹਫਾਮ (ਕਾਲੇ ਰੰਗ ਵਾਲੇ) ਲੋਕ ਦੁਨੀਆਂ ਭਰ ’ਚ ਵਿਤਕਰੇ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਸਮੇਂ-ਸਮੇਂ ਇਸ ਵਿਤਕਰੇ ਵਿਰੁੱਧ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ ਪਰ ਹਾਲਾਤ ਅਜਿਹੇ ਹਨ ਕਿ ਚਿੱਟੇ-ਕਾਲੇ-ਰੰਗਦਾਰ ਦੀਆਂ ਲਕੀਰਾਂ ਮਿਟਣ ਦਾ ਨਾਂਅ ਹੀ ਨਹੀਂ ਲੈ ਰਹੀਆਂ। ਅਮਰੀਕਾ ’ਚ ਜਾਰਜ ਫਲਾਇਡ ਦੇ ਕਤਲ ਪਿਛੋਂ ਪੈਦਾ ਹੋਈ ‘‘ਬਲੈਕ ਲਾਈਵਜ ਮੈਟਰ’’ ਨਾਂਅ ਦੀ ਲਹਿਰ ਨੇ ਦੁਨੀਆ ਭਰ ਦਾ ਧਿਆਨ ਇੱਕ ਵਾਰ ਫੇਰ ਇਸ ਬਿਮਾਰੀ ਵੱਲ ਖਿੱਚਿਆ ਹੈ। ਸਿਆਹਫਾਮ ਲੋਕਾਂ ਨਾਲ ਮਿਲਣ-ਵਰਤਣ ਦਾ ਮੈਨੂੰ ਕਈ ਵਾਰ ਮੌਕਾ ਮਿਲਦਾ ਰਿਹਾ ਹੈ ਤੇ ਉਨ੍ਹਾਂ ਬਾਰੇ ਮੇਰੇ ਮਨ ’ਚ ਕਦੇ ਵੀ ਕੋਈ ਮੰਦ-ਭਾਵਨਾ ਪੈਦਾ ਨਹੀਂ ਹੋਈ। ਹਾਲ ਹੀ ’ਚ ਹੋਏ ਇੱਕ ਹੋਰ ਤਜ਼ਰਬੇ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ।
ਮੈਂ ਜਿਸ ਟਰੱਕਿੰਗ ਕੰਪਨੀ ‘ਪੰਜਾਬੀ’ (5ਆਬੀ) ਨਾਲ ਪਹਿਲਾਂ ਕੰਮ ਕਰਦਾ ਸੀ, ਉਸਦਾ ਐਮਾਜ਼ੌਨ ਨਾਲ ਕੰਟਰੈਕਟ ਹੈ। ਅਸੀਂ ਇੱਕ ਵਾਰ ਟੈਕਸਸ ਦੇ ਡੈਲਸ ਸ਼ਹਿਰ ਅੰਦਰ ਦੋ ਥਾਂਵਾਂ ’ਤੇ ਹੁੱਕ-ਡਰਾਪ ਕਰਨਾ ਸੀ। ਪਹਿਲਾਂ ਵਿਲਮਰ, ਜੋ ਡੈਲਸ ਦਾ ਹੀ ਹਿੱਸਾ ਹੈ ਤੇ ਬਾਅਦ ’ਚ ਡੈਲਸ ਦੇ ਹੀ ਲਿੰਡਨ ਬੀ ਜਾਨਸਨ ਫ੍ਰੀਵੇ ਵਾਲੀ ਥਾਂ। ਦੂਸਰੀ ਥਾਂ ਅਸੀਂ ਸਵੇਰੇ 7:39 ਵਜੇ ਚੈੱਕ ਇਨ ਕਰਨਾ ਸੀ ਪਰ ਅਸੀਂ ਚਾਰ ਘੰਟੇ ਪਹਿਲਾਂ ਪਹੁੰਚ ਗਏ। ਸੋਚਿਆ ਕਿ ਜੇ ਲੋਡ ਜਾਂਦਿਆਂ ਹੀ ਮਿਲ ਜਾਵੇ ਤਾਂ ਸਮਾਂ ਬਚ ਜਾਵੇਗਾ ਤੇ ਅਗਲੇ ਸਫਰ ਵੱਲ ਨੂੰ ਆਰਾਮ ਨਾਲ ਚੱਲ ਸਕਾਂਗੇ।
ਪਹਿਲੀ ਵਾਰ ਐਮਾਜ਼ੌਨ ਦੀ ਇਸ ਲੋਕੇਸ਼ਨ ’ਤੇ ਆਏ ਸੀ, ਇਸ ਲਈ ਪੂਰੀ ਜਾਣਕਾਰੀ ਨਹੀਂ ਸੀ। ਟਰੱਕਾਂ ਦੀ ਮੀਲਾਂ ਲੰਮੀ ਕਤਾਰ ਲੱਗੀ ਹੋਈ ਸੀ। ਅਸੀਂ ਸੋਚਿਆ ਕਿ ਇਹ ਲਾਈਨ ਨਾਲ ਲੱਗਦੀ ਇੱਕ ਹੋਰ ਕੰਪਨੀ ਵਾਸਤੇ ਹੋਵੇਗੀ, ਐਮਾਜ਼ੌਨ ਦੀ ਲਾਈਨ ਤਾਂ ਏਨੀ ਲੰਮੀ ਹੋ ਨਹੀਂ ਸਕਦੀ। ਸਾਡਾ ਤਜ਼ਰਬਾ ਤਾਂ ਇਹੋ ਕਹਿ ਰਿਹਾ ਸੀ। ਇਸ ਲਈ ਆਪਣਾ ਟਰੱਕ ਬਿਨਾਂ ਕਿਸੇ ਫਿਕਰਮੰਦੀ ਦੇ ਅੱਗੇ ਲੈ ਗਏ। ਜਦ ਪਤਾ ਲੱਗਾ ਕਿ ਕਤਾਰ ਤਾਂ ਐਮਾਜ਼ੌਨ ਵਾਲੀ ਹੀ ਹੈ ਤਾਂ ਗਲਤੀ ਦਾ ਅਹਿਸਾਸ ਤਾਂ ਹੋ ਗਿਆ ਪਰ ਦਰੁਸਤੀ ਦੀ ਹੁਣ ਕੋਈ ਸੰਭਾਵਨਾ ਨਹੀਂ ਸੀ ਕਿਉਂਕਿ ਪਿੱਛੇ ਮੁੜਨਾ ਕਿਸੇ ਵੀ ਸੂਰਤ ’ਚ ਸੰਭਵ ਨਹੀਂ ਸੀ! ਮੋੜ ’ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਇੱਕ ਡਰਾਈਵਰ ਕੋਲ ਜਾ ਕੇ ਪਹਿਲਾਂ ਉਸ ਕੋਲੋਂ ਮੁਆਫੀ ਮੰਗੀ ਤੇ ਉਸਨੂੰ ਦੱਸਿਆ ਕਿ ਅਸੀਂ ਪਹਿਲੀ ਵਾਰ ਇਸ ਥਾਂ ਆਏ ਹਾਂ ਤੇ ਗਲਤੀ ਕਰ ਬੈਠੇ ਹਾਂ, ਹੁਣ ਅਸੀਂ ਕੀ ਕਰੀਏ? ਸਿਆਹਫਾਮ ਡਰਾਈਵਰ ਹੱਸ ਕੇ ਬੋਲਿਆ, ‘‘ਕੋਈ ਗੱਲ ਨਹੀਂ, ਚਾਰ ਘੰਟੇ ਹੋ ਗਏ ਹਨ ਉਡੀਕਦਿਆਂ, ਤੁਸੀਂ ਆਪਣਾ ਟਰੱਕ ਮੇਰੇ ਅੱਗੇ ਕਰ ਲਿਓ। ਥੋੜ੍ਹਾ ਹੋਰ ਲੇਟ ਹੋ ਜਾਵਾਂਗੇ, ਕੋਈ ਫਰਕ ਨਹੀਂ ਪੈਣ ਲੱਗਾ।’’ ਇਹ ਸੁਣ ਥੋੜ੍ਹਾ ਤਣਾਅ ਮੁਕਤ ਹੋ ਗਏ ਪਰ ਟਰੱਕਾਂ ਦੀ ਕਤਾਰ ਹਿੱਲੇ ਹੀ ਨਾ। ਬੜੀ ਮੁਸ਼ਕਲ ਨਾਲ ਆਪਣਾ ਟਰੱਕ ਕਤਾਰ ’ਚ ਲਿਆਂਦਾ।
ਸੋਚਿਆ ਗੇਟ ’ਤੇ ਜਾ ਕੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ! ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੇਰੇ ਨਾਲੋਂ ਹੱਥ ਭਰ ਉੱਚਾ ਇੱਕ ਹੋਰ ਸਿਆਹਫਾਮ ਡਰਾਈਵਰ ਆ ਕੇ ਮੇਰੇ ਗਲ ਪੈ ਗਿਆ, “ਵ੍ਹਟ ’ਦ ਹੈੱਲ ਆਰ ਯੂ ਡੂਇੰਗ?” ਮੈਂ ਸੋਚਿਆ ਕਿ ਉਹ ਸਾਡੀ ਗਲਤੀ ਪੱਖੋਂ ਗੁੱਸੇ ’ਚ ਹੈ। ਇਸ ਲਈ ਮੈਂ ਆਖਿਆ, ‘‘ਸੌਰੀ ਬਰੋ, ਅਸੀਂ ਪਹਿਲੀ ਵਾਰ ਆਏ ਹਾਂ ਤੇ ਸਾਨੂੰ ਪਤਾ ਨਹੀਂ ਸੀ।” ਉਹ ਹੈਰਾਨ ਹੋ ਕਿ ਪੁੱਛਣ ਲੱਗਾ, “ਤੁਸੀਂ ਐਮਾਜ਼ੌਨ ਦੇ ਮੁਲਾਜ਼ਮ ਨਹੀਂ ਹੋ?” ਦਰਅਸਲ ਉਹ ਮੇਰੀ ਸੇਫਟੀ ਵੈਸਟ ਤੋਂ ਭੁਲੇਖਾ ਖਾ ਗਿਆ ਸੀ। ਉਸਨੇ ਬੜੇ ਸਲੀਕੇ ਨਾਲ ਇੱਕ ਹੱਥ ਛਾਤੀ ’ਤੇ ਰੱਖ ਕੇ ਮੈਥੋਂ ਮੁਆਫੀ ਮੰਗੀ। ਉਸ ਦੇ ਵਿਹਾਰ ਨੂੰ ਦੇਖਕੇ ਮੈਂ ਆਪਣੇ ਆਪ ਨੂੰ ਪੁੱਛ ਰਿਹਾ ਸੀ, ‘‘ਸੱਚ ਦੱਸੀਂ, ਤੂੰ ਉਸਦੇ ਕੱਦ ਤੋਂ ਡਰਿਆ ਸੀ ਜਾਂ ਉਸਦੇ ਗੂੜ੍ਹੇ ਕਾਲੇ ਰੰਗ ਤੋਂ?” ਮੈਂ ਆਪਣੇ ਸਾਹਵੇਂ ਛੋਟਾ ਪੈ ਗਿਆ ਸੀ ਉਸ ਵੇਲੇ।
ਮੈਂ ਸੋਚ ਰਿਹਾ ਸੀ ਕਿ ਜੇ ਅਸੀਂ ਪੰਜਾਬ ’ਚ ਟਰੱਕ ਚਲਾ ਰਹੇ ਹੁੰਦੇ ਤੇ ਓਥੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਤਾਂ ਸਾਡਾ ਤਾਂ ਹੁਣ ਤੱਕ ਹੁਲੀਆ ਵਿਗੜਿਆ ਹੋਣਾ ਸੀ। ਆਪਣੀ ਗਲਤੀ ਲਈ ਉਸਨੇ ਮੈਥੋਂ ਇੱਕ ਵਾਰ ਨਹੀਂ, ਵਾਰ-ਵਾਰ ਮੁਆਫੀ ਮੰਗੀ ਤੇ ਪਿੱਛੇ ਵੱਲ ਮੁੜ ਪਿਆ। ਉਹ ਦੱਸ ਰਿਹਾ ਸੀ ਕਿ ਰਾਤ ਇੱਕ ਵਜੇ ਦਾ ਕਤਾਰ ’ਚ ਲੱਗਾ ਉਹ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਮੈਨੂੰ ਜਾਪਿਆ ਕਿ ਉਹ ਵੀ ਪਹਿਲੀ ਵਾਰ ਆਇਆ ਹੋਵੇਗਾ, ਨਹੀਂ ਤਾਂ ਉਸਨੇ ਭੜਕਾਹਟ ’ਚ ਨਹੀਂ ਸੀ ਆਉਣਾ। ਮੈਂ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਮੇਰੇ ਨਾਲ ਚੱਲੇ ਤੇ ਪਤਾ ਕਰਦੇ ਹਾਂ ਕਿ ਮਸਲਾ ਕੀ ਹੈ। ਗੇਟ ’ਤੇ ਡਿਊਟੀ ਦੇ ਰਹੀ ਬੀਬੀ ਨੇ ਕਿਹਾ, ‘‘ਮੇਰੀ ਸ਼ਿਫਟ ਖਤਮ ਹੋ ਚੁੱਕੀ ਹੈ, ਅਗਲੀ ਸ਼ਿਫਟ ਦੀ ਉਡੀਕ ਕਰੋ।’’ ਮੱਥੇ ’ਤੇ ਹੱਥ ਮਾਰ ਕੇ ਆਪੋ-ਆਪਣੇ ਟਰੱਕਾਂ ’ਚ ਪਰਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਆਪਣੇ ਟਰੱਕ ਵੱਲ ਜਾਣ ਤੋਂ ਪਹਿਲਾਂ ਉਸ ਨੇ ਇੱਕ ਵਾਰ ਫੇਰ ਮੁਆਫੀ ਮੰਗੀ ਤਾਂ ਮੈਂ ਉਸ ਨੂੰ ਕਲਾਵੇ ’ਚ ਲੈ ਕੇ ਕਿਹਾ,“ਟੇਕ ਇਟ ਈਜੀ ਬਰੋ!”
ਘੰਟਾ ਕੁ ਆਪਣੇ ਟਰੱਕ ’ਚ ਬੈਠਕੇ ਮੈਂ ਫਿਰ ਥੱਲੇ ਉੱਤਰ ਆਇਆ ਤਾਂ ਇੱਕ ਹੋਰ ਸਿਆਹਫਾਮ ਡਰਾਈਵਰ ਮੇਰੇ ਕੋਲ ਆ ਗਿਆ। ਬੜਾ ਹੱਸਮੁੱਖ, ਨਾਂਅ ਸੀ ਬੌਬੀ ਗਰੀਨ। ਮੈਨੂੰ ਕਹਿਣ ਲੱਗਾ, ‘‘ਫਿਕਰ ਨਾ ਕਰੋ, ਇਸ ਥਾਂ ਮੈਂ ਚੌਵੀ-ਚੌਵੀ ਘੰਟੇ ਵੀ ਉਡੀਕ ਕੀਤੀ ਹੋਈ ਹੈ!”
ਉਸ ਜਗ੍ਹਾ ਐਮਾਜ਼ੌਨ ਦਾ ਕੰਮ ਚੌਵੀ ਘੰਟੇ ਨਹੀਂ ਚੱਲਦਾ, ਪਤਾ ਨਹੀਂ ਮੁਲਾਜ਼ਮਾਂ ਦੀ ਕਿੱਲ੍ਹਤ ਹੈ ਜਾਂ ਕੁੱਝ ਹੋਰ, ਪਰ ਟਰੱਕ ਡ੍ਰਾਈਵਰਾਂ ਨੂੰ ਲੰਮੀਆਂ ਕਤਾਰਾਂ ’ਚ ਲੱਗ ਕੇ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਮੈਂ ਤੇ ਬੌਬੀ ਅੰਦਰ ਦੂਰ ਤੱਕ ਗਏ ਪਰ ਕੋਈ ਵੀ ਚਿੱੜੀ-ਪਰਿੰਦਾ ਨਜ਼ਰ ਨਹੀਂ ਆਇਆ।
ਬੌਬੀ ਹੱਸਦਾ ਹੋਇਆ ਕਹਿਣ ਲੱਗਾ, ‘‘ਆਹ ਜਿਹੜੇ ਲਾਈਨ ’ਚ ਲੱਗੇ ਹੋਏ ਆ ਨਾ, ਇਨ੍ਹਾਂ ’ਚੋਂ ਕਈਆਂ ਨੂੰ ਇਹ ਕਹਿਕੇ ਵਾਪਸ ਵੀ ਭੇਜ ਸਕਦੇ ਹਨ ਕਿ ਤੁਸੀਂ ਸਹੀ ਲਾਈਨ ’ਚ ਨਹੀਂ ਹੋ।” ਬੌਬੀ ਦੀ ਗੱਲ ਸੁਣਕੇ ਮੈਨੂੰ ਆਪਣਾ ਡਰ ਲੱਗਾ ਕਿ ਕਿਤੇ ਸਾਡੇ ਨਾਲ ਵੀ ਅਜਿਹਾ ਨਾ ਵਾਪਰੇ ਤੇ ਅੱਧੇ ਘੰਟੇ ਬਾਅਦ ਗੱਲ ਵੀ ਉਹੀ ਹੋਈ।
ਐਮਾਜ਼ੌਨ ਦਾ ਟ੍ਰੈਫਿਕ-ਹੈੱਡ ਆ ਗਿਆ ਤੇ ਉਸ ਨੇ ਸਾਨੂੰ ਦੱਸਿਆ ਕਿ ਤੁਹਾਡੀ ਕਤਾਰ ਸੱਜੀ ਹੈ, ਤੁਹਾਨੂੰ ਚੱਕਰ ਕੱਢਕੇ ਉਸ ਕਤਾਰ ’ਚ ਆਉਣਾ ਪਵੇਗਾ। ਅਸੀਂ ਦਲੀਲ ਦਿੱਤੀ ਕਿ ਤਿੰਨ ਘੰਟੇ ਤੋਂ ਵੱਧ ਦੀ ਉਡੀਕ ਪਹਿਲਾਂ ਹੀ ਕਰ ਚੁੱਕੇ ਹਾਂ, ਅਸੀਂ ਤਾਂ ਬਹੁਤ ਲੇਟ ਹੋ ਜਾਵਾਂਗੇ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਮੈਂ ਤੇ ਮੇਰਾ ਕੋ-ਡਰਾਈਵਰ ਦਵਿੰਦਰ ਸਹਿਜ ਭਾਅ ਨਾਲ ਗੱਲ ਕਰ ਰਹੇ ਸੀ ਪਰ ਇਸਦੇ ਬਾਵਜੂਦ ਉਹ ਸਾਨੂੰ ਪੁਲਸ ਦੀ ਧਮਕੀ ਦੇਣ ਲੱਗ ਪਿਆ। ਮੈਂ ਉਸ ਨੂੰ ਠੰਡਾ ਕਰਦਿਆਂ ਕਿਹਾ,‘‘ਅਸੀ ਜਦ ਆਪਣੀ ਕਤਾਰ ’ਚ ਜਾਣ ਲਈ ਤਿਆਰ ਹਾਂ ਤਾਂ ਪੁਲਸ ਦੀਆਂ ਧਮਕੀਆਂ ਦੇਣ ਦਾ ਕੀ ਕੰਮ! ਪੁਲਸ ਦੀ ਲੋੜ ਤਾਂ ਉਦੋਂ ਹੁੰਦੀ ਹੈ ਜਦ ਸਾਹਮਣੇ ਵਾਲੀ ਧਿਰ ਆਪਣੀ ਜ਼ਿੱਦ ਕਾਰਨ ਦੂਸਰਿਆਂ ਲਈ ਪਰੇਸ਼ਾਨੀ ਜਾਂ ਅਸੁਰੱਖਿਆ ਪੈਦਾ ਕਰੇ, ਅਸੀਂ ਤਾਂ ਆਪਣੀ ਪਰੇਸ਼ਾਨੀ ਦੱਸ ਰਹੇ ਹਾਂ ਤੁਹਾਨੂੰ! ਤੁਸੀਂ ਦੱਸੋ ਕਿ ਹੋਰ ਕਿਸ ਨੂੰ ਦੱਸੀਏ?” ਇਹ ਸੁਣ ਉਹ ਠੰਡਾ ਹੋ ਕੇ ਚਲਾ ਗਿਆ। ਇਹ ਬੰਦਾ ਵੀ ਸਿਆਹਫਾਮ ਹੀ ਸੀ।
ਸੱਤ ਵਜੇ ਦੇ ਕਰੀਬ ਕੰਮ ਸ਼ੁਰੂ ਹੋਇਆ ਪਰ ਸਾਡੇ ਅੱਗੇ ਵਾਲੇ ਟਰੱਕ ਤੁਰਨ ਹੀ ਨਾ। ਜਦ ਜਾ ਕੇ ਦੇਖਿਆ ਤਾਂ ਡਰਾਈਵਰ ਲੰਮੀ ਉਡੀਕ ਤੋਂ ਥੱਕ-ਹਾਰ ਕੇ ਸੌਂ ਗਏ ਸਨ। ਉਨ੍ਹਾਂ ਨੂੰ ਜਗਾਇਆ ਕਿ ਭਾਈ ਅਸੀਂ ਤਾਂ ਚੱਕਰ ਕੱਢਕੇ ਮੁੜ ਆਪਣੀ ਕਤਾਰ ’ਚ ਆਉਣਾ ਹੈ, ਤੁਸੀਂ ਰਾਹ ਵਿਹਲਾ ਕਰੋ।
ਜਦ ਗੇਟ ’ਤੇ ਗਏ ਤਾਂ ਜਪਾਨੀ ਮੂਲ ਦਾ ਜਾਪ ਰਿਹਾ ਇੱਕ ਡਰਾਈਵਰ ਗੇਟ ’ਤੇ ਡਿਊਟੀ ਦੇਣ ਆਏ ਕਲਰਕ ਨਾਲ ਉਲਝ ਰਿਹਾ ਸੀ। ਮਾਮਲਾ ਸਾਡੇ ਵਾਲਾ ਹੀ ਸੀ, ਟਰੈਫਿਕ ਹੈੱਡ ਨੇ ਉਸਨੂੰ ਵੀ ਕਤਾਰ ਬਦਲਣ ਲਈ ਆਖ ਦਿੱਤਾ ਹੋਇਆ ਸੀ ਤੇ ਉਹ ਪੰਜ ਘੰਟੇ ਤੋਂ ਵੀ ਵੱਧ ਸਮੇਂ ਤੋਂ ਕਤਾਰ ’ਚ ਲੱਗਾ ਹੋਇਆ ਸੀ। ਉਹ ਤਪਿਆ ਹੋਇਆ ਉੱਚੀ ਸੁਰ ’ਚ ਗੱਲ ਕਰ ਰਿਹਾ ਸੀ। ਕਲਰਕ ਨੇ ਉਸਨੂੰ ਸਖਤੀ ਨਾਲ ਆਪਣੇ ਟਰੱਕ ’ਚ ਜਾਣ ਲਈ ਆਖ ਦਿੱਤਾ। ਆਪਣੀ ਵਾਰੀ ਆਉਣ ’ਤੇ ਮਾਹੌਲ ਨੂੰ ਦੇਖਦਿਆਂ, ਦੁਆ-ਸਲਾਮ ਕਰਕੇ ਮੈਂ ਕਿਹਾ, ‘‘ਸਵੇਰੇ-ਸਵੇਰੇ ਏਨਾ ਖਫਾ ਕਿਉਂ ਹੋ ਗਏ ਓ ਜਨਾਬ?” ਉਸਦਾ ਜੁਆਬ ਸੀ, ‘‘ਉਹ ਉੱਚੀ ਆਵਾਜ ’ਚ ਗੱਲ ਕਰ ਰਿਹਾ ਸੀ, ਏਸ ਲਈ ਮੈਨੂੰ ਵੀ ਗੁੱਸਾ ਆ ਗਿਆ।” ਮੈਂ ਉਸ ਨੂੰ ਕਿਹਾ, ‘‘ਕਸੂਰ ਨਾ ਤੁਹਾਡਾ ਹੈ ਤੇ ਨਾ ਈ ਡਰਾਈਵਰ ਦਾ। ਦਰਅਸਲ ਕੰਪਨੀ ਨੂੰ ਮੋੜ ਉੱਤੇ ਅਜਿਹੇ ਢੰਗ ਨਾਲ ਕਤਾਰਾਂ ਦੀ ਨਿਸ਼ਾਨਦੇਹੀ ਦੇ ਸਾਈਨ-ਬੋਰਡ ਲਾਉਣੇ ਚਾਹੀਦੇ ਹਨ ਕਿ ਹਰ ਡਰਾਈਵਰ ਦੇ ਨਜ਼ਰੀਂ ਚੜ੍ਹ ਜਾਣ। ਫੇਰ ਤੁਹਾਡਾ ਕੰਮ ਵੀ ਆਸਾਨ ਹੋ ਜਾਵੇਗਾ, ਕੋਈ ਵੀ ਤੁਹਾਡਾ ਮੂਡ ਖਰਾਬ ਨਹੀਂ ਕਰੇਗਾ!” ਸੰਬੰਧਤ ਕਲਰਕ ਵੀ ਸਿਆਹਫਾਮ ਸੀ।
ਮੇਰੀ ਗੱਲ ਉਸ ਦੇ ਮਨ ਨੂੰ ਲੱਗ ਗਈ ਸੀ। ਮੈਨੂੰ ਪੁੱਛਣ ਲੱਗਾ ਕਿ ਤੁਹਾਡਾ ਟਰੱਕ ਕਿੱਥੇ ਐ? ਮੈਂ ਦੱਸਿਆ ਕਿ ਸਾਹਮਣੇ ਵਾਲਾ ਮੇਰਾ ਈ ਐ। ਮੇਰੇ ਵੱਲ ਦੇਖ ਕੇ ਉਹ ਮੁਸਕਰਾਉਣ ਲੱਗ ਪਿਆ, ‘‘ਮਾਮਲਾ ਤਾਂ ਤੁਹਾਡਾ ਵੀ ਉਹੀ ਐ… ਚਲੋ, ਕਰਦਾਂ ਮੈਂ ਕੋਈ ਚਾਰਾ! ਤੁਹਾਡੇ ਵਾਸਤੇ ਤਾਂ ਜਰੂਰ ਕਰੂੰਗਾ।” ਇਸ ਤੋਂ ਪਹਿਲਾਂ ਕਿ ਟ੍ਰੈਫਿਕ-ਹੈੱਡ ਆਵੇ, ਉਸਨੇ ਸਾਨੂੰ ਇੱਕ ਦੂਸਰੀ ਥਾਂ ਤੋਂ ਲੋਡ ਅਲਾਟ ਕਰ ਦਿੱਤਾ ਤੇ ਖਾਲੀ ਟ੍ਰੇਲਰ ਵੀ ਓਥੇ ਈ ਲੈ ਜਾਣ ਲਈ ਆਖ ਦਿੱਤਾ। ਇਸ ਤਰਾਂ ਮਾਹੌਲ ਨੂੰ ਭਾਂਪ ਕੇ ਹਲੀਮੀ ਨਾਲ ਕੀਤੀ ਗਈ ਗੱਲ-ਬਾਤ ਨੇ ਸਾਨੂੰ ਵੱਡੀ ਪ੍ਰੇਸ਼ਾਨੀ ਤੋਂ ਬਚਾ ਲਿਆ। ਉਸ ਦੇ ਮੂਡ ਤੋਂ ਜਾਪ ਰਿਹਾ ਸੀ ਕਿ ਉਹ ਜਪਾਨੀ ਡਰਾਈਵਰ ਦੀ ਮੁਸ਼ਕਲ ਵੀ ਹੱਲ ਕਰ ਦੇਵੇਗਾ ।
ਇਹ ਇਲਾਕਾ ਮੈਨੂੰ ਸਿਆਹਫਾਮ ਲੋਕਾਂ ਦੀ ਬਹੁਤਾਤ ਵਾਲਾ ਜਾਪਿਆ। ਇਸ ਜਗ੍ਹਾ ਐਮਾਜ਼ੌਨ ਦੇ ਮੁਲਾਜ਼ਮਾਂ ’ਚ ਸਿਆਹਫਾਮ ਲੋਕ ਵੱਡੀ ਗਿਣਤੀ ’ਚ ਦੇਖਣ ਨੂੰ ਮਿਲੇ ਤੇ ਸਿਰਫ ਇੱਕ ਟ੍ਰੈਫਿਕ-ਹੈੱਡ ਨੂੰ ਛੱਡਕੇ, ਬਾਕੀ ਸਾਰੇ ਬੜੇ ਮਿਲਾਪੜੇ ਨਜ਼ਰ ਆਏ।
ਸਾਡੀ ਮਾਨਸਿਕਤਾ ’ਚ ਇਹ ਗੱਲ ਘਰ ਕਰ ਗਈ ਹੈ ਕਿ ਜੇ ਕਾਲਾ ਰੰਗ ਮਾੜਾ ਹੁੰਦਾ ਹੈ ਤਾਂ ਕਾਲੇ ਲੋਕ ਕਿਵੇਂ ਚੰਗੇ ਹੋ ਸਕਦੇ ਹਨ!
ਯਾਦ ਆ ਰਿਹੈ ਜਾਰਜ ਸਟਿਨੀ ਜੂਨੀਅਰ ਜਿਸ ਨੂੰ ਉਸਦੀ ਮੌਤ ਦੇ 70 ਸਾਲ ਬਾਅਦ ਨਿਰਦੋਸ਼ ਕਰਾਰ ਦਿੱਤਾ ਗਿਆ। ਇਹ ਹਿਲਾ ਕੇ ਰੱਖ ਦੇਣ ਵਾਲੀ ਘਟਨਾ 1944 ’ਚ ਅਮਰੀਕਾ ਦੇ ਸਾਊਥ ਕੈਰੋਲਾਇਨਾ ਸੂਬੇ ’ਚ ਵਾਪਰੀ ਸੀ। 14 ਸਾਲ ਦੇ ਸਟਿਨੀ ਨੂੰ ਦੋ ਗੋਰੀਆਂ ਬਾਲੜੀਆਂ ਦੇ ਕਤਲ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ । ਸਜ਼ਾ ਸੁਣਾਉਣ ਲਈ ਨਾ ਕੋਈ ਸਬੂਤ ਸੀ, ਨਾ ਕੋਈ ਗਵਾਹ। ਉਸਦਾ ਰੰਗ ਕਾਲਾ ਸੀ ਇਸ ਲਈ ਇਹ ਮੰਨ ਲਿਆ ਗਿਆ ਸੀ ਕਿ ਕਤਲ ਉਸਨੇ ਹੀ ਕੀਤਾ ਹੋਵੇਗਾ। ਸਟਿਨੀ ਵੀਹਵੀਂ ਸਦੀ ’ਚ ਮੌਤ ਦੀ ਸਜ਼ਾ ਪਾਉਣ ਵਾਲਾ ਸੰਸਾਰ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ। ਉਸ ਦਾ ਮੁਕੱਦਮਾ, ਸਿਰਫ ਦੋ ਘੰਟੇ ਚੱਲਿਆ ਤੇ ਜਿਊਰੀ ਨੇ ਉਸ ਦੀ ਸਜ਼ਾ ’ਤੇ ਸਹੀ ਪਾਉਣ ਲਈ ਸਿਰਫ 10 ਮਿੰਟ ਦਾ ਸਮਾਂ ਲਿਆ! ਜੱਜ ਤੇ ਜਿਊਰੀ ਸਭ ਗੋਰੇ! ਸਟਿਨੀ ਦਾ ਸਰੀਰ ਏਨਾ ਮਾੜਕੂ ਜਿਹਾ ਸੀ ਕਿ ਉਹ ਕਰੰਟ ਦੇ ਝਟਕਿਆਂ ਰਾਹੀਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਵਾਲੀ ਬਿਜਲੀ ਵਾਲੀ ਕੁਰਸੀ ਵਾਸਤੇ ਫਿੱਟ ਨਹੀਂ ਸੀ ਬੈਠ ਰਿਹਾ। ਇਸ ਕੰਮ ਲਈ ਉਸ ਦੇ ਹੇਠਾਂ ਕਿਤਾਬਾਂ ਰੱਖੀਆਂ ਗਈਆਂ ਸਨ ਜਿਨ੍ਹਾਂ ’ਚ ਇੱਕ ਬਾਈਬਲ ਵੀ ਸੀ! ਸਟਿਨੀ ਨੂੰ ਮਿਲੀ ਸਜ਼ਾ ਤੇ ਮੁਕੱਦਮੇ ’ਚ ਦਿਖਾਈ ਗਈ ਲੋਹੜੇ ਦੀ ਕਾਹਲ ਦਾ ਮਾਮਲਾ ਦਹਾਕਿਆਂ ਬੱਧੀ ਰਿੜਕ ਹੁੰਦਾ ਰਿਹਾ ਤੇ ਆਖਰਕਾਰ 2014 ’ਚ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ! ਅਜਿਹੀਆਂ ਘਟਨਾਵਾਂ ਸਿਰਫ ਅਮਰੀਕਾ ’ਚ ਹੀ ਨਹੀਂ, ਦੁਨੀਆਂ ਦੇ ਹਰ ਹਿੱਸੇ ’ਚ ਵਾਪਰ ਰਹੀਆਂ ਹਨ। ਜੇ ਕਿਸੇ ਦਾ ਰੰਗ ਕਾਲਾ ਹੈ ਤਾਂ ਇਹ ਮੰਨ ਲਿਆ ਜਾਂਦੈ ਕਿ ਉਹ ਲਾਜ਼ਮੀ ਤੌਰ ’ਤੇ ਅਪਰਾਧੀ ਹੋਵੇਗਾ ।
ਰਾਜਿੰਦਰ ਬਿਮਲ (ਕਿਤਾਬਾਂ ਵਾਲੇ ਬਾਬਾ ਜੀ) ਹੁਰਾਂ ਦਾ ਸੁਣਾਇਆ ਇੱਕ ਖੂਬਸੂਰਤ ਵਾਕਿਆ ਯਾਦ ਆ ਰਿਹੈ। ਇੱਕ ਵਾਰ ਦੂਰਦਰਸ਼ਨ ਲਈ ਲਖਵਿੰਦਰ ਜੌਹਲ ਹੁਰਾਂ ਉੱਘੇ ਚਿੱਤਰਕਾਰ ਸੋਹਣ ਕਾਦਰੀ ਨਾਲ ਮੁਲਾਕਾਤ ਵਾਸਤੇ ਬਖਸ਼ਿੰਦਰ ਹੁਰਾਂ ਦੀ ਡਿਊਟੀ ਲਾ ਦਿੱਤੀ। ਕਾਦਰੀ ਜਦੋਂ ਜਲੰਧਰ ਆਪਣੀ ਭੈਣ ਦੇ ਘਰ ਆਉਂਦੇ ਸਨ ਤਾਂ ਬਿਮਲ ਉਨ੍ਹਾਂ ਨੂੰ ਅਕਸਰ ਮਿਲਣ ਚਲੇ ਜਾਂਦੇ ਸਨ। ਬਖਸ਼ਿੰਦਰ ਨੇ ਬਿਮਲ ਨੂੰ ਨਾਲ ਚੱਲਣ ਲਈ ਕਿਹਾ। ਕਾਦਰੀ ਨਾਲ ਗੱਲ-ਬਾਤ ਦਾ ਸਿਲਸਿਲਾ ਰਿਕਾਰਡ ਕਰਨ ਲਈ ਕੈਮਰਾ ਚਾਲੂ ਕਰਨ ਤੋਂ ਪਹਿਲਾਂ ਬਖਸ਼ਿੰਦਰ ਨੇ ਕਾਦਰੀ ਹੁਰਾਂ ਨੂੰ ਸਵਾਲ ਕੀਤਾ ਕਿ ਤੁਸੀਂ ਆਪਣੇ ਚਿੱਤਰਾਂ ’ਚ ਕਾਲੇ ਰੰਗ ਦੀ ਵਰਤੋਂ ਜ਼ਿਆਦਾ ਕਰਦੇ ਓ, ਕਿਤੇ ਇਹ ਤੁਹਾਡੀ ਜ਼ਿੰਦਗੀ ਦਾ ਪਹਿਲੂ ਤਾਂ ਨਹੀਂ ਮਤਲਬ ਹਨੇਰਾ ਪੱਖ ?” ਕਾਦਰੀ ਨੇ ਮੁਸਕਰਾ ਕੇ ਕਿਹਾ, ‘‘ਤੁਹਾਨੂੰ ਕੌਣ ਕਹਿੰਦੈ ਕਿ ਕਾਲੇ ਰੰਗ ਦਾ ਮਤਲਬ ਹਨੇਰਾ ਹੁੰਦੈ? ਤੁਹਾਨੂੰ ਪਤੈ ਕਿ ਕਾਲੇ ਰੰਗ ਦੀ ਸਿਆਹੀ ਨੂੰ ਰੁਸ਼ਨਾਈ ਵੀ ਕਹਿੰਦੇ ਹਨ!” ਕਾਦਰੀ ਦੇ ਜੁਆਬ ਨੇ ਦੋਹਾਂ ਅਦੀਬਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਏਥੇ ਨਵੀਂ ਪੀੜ੍ਹੀ ਦੇ ਪਾਠਕਾਂ ਨੂੰ ਇਹ ਦੱਸਣਾ ਚੰਗਾ ਰਹੇਗਾ ਕਿ ਸਾਡੇ ਪ੍ਰਾਇਮਰੀ ਸਕੂਲ ਦੇ ਦਿਨਾਂ ’ਚ ਲਿਖਾਈ ਸੁੰਦਰ ਬਣਾਉਣ ਲਈ ਉਸਤਾਦ ਫੱਟੀ ਲਿਖਾਇਆ ਕਰਦੇ ਸਨ। ਇਸ ਕੰਮ ਵਾਸਤੇ ਵਰਤੀ ਜਾਂਦੀ ਕਾਲੀ ਸਿਆਹੀ ਪੁੜੀਆਂ ’ਚ ਵਿਕਦੀ ਸੀ ਤੇ ਪੁੜੀ ਉੱਪਰ ਰੌਸ਼ਨੀ ਜਾਂ ਰੁਸ਼ਨਾਈ ਲਿਖਿਆ ਹੋਇਆ ਹੁੰਦਾ ਸੀ। ਹੱਟੀ ’ਤੇ ਜਾ ਕੇ ਕਾਲੀ ਸਿਆਹੀ ਦੀ ਮੰਗ ਨਹੀਂ ਸੀ ਕਰਦੇ ਅਸੀਂ। ਕਿਹਾ ਕਰਦੇ ਸੀ, ‘‘ਬਾਬਾ ਜੀ, ਰੌਸ਼ਨੀ ਦੀ ਇੱਕ ਪੁੜੀ ਦੇ ਦਿਓ!”
ਸਮੇਂ ਦੇ ਨਾਲ-ਨਾਲ ਬਹੁਤ ਕੁੱਝ ਬਦਲਿਆ ਹੈ ਤੇ ਬਦਲਣਾ ਵੀ ਚਾਹੀਦੈ। ਫੱਟੀ ਹੁਣ ਇੱਕ ਇਤਿਹਾਸ ਬਣ ਗਈ ਹੈ। ਕੰਪਿਊਟਰ ਆ ਗਿਆ ਹੈ। ਪੜ੍ਹਨ-ਲਿਖਣ ਦੇ ਢੰਗ ਬਦਲ ਗਏ ਹਨ। ਸਾਡੀ ਪੀੜ੍ਹੀ ਤਕਨਾਲੋਜੀ ’ਚ ਹੋਈਆਂ ਵੱਡੀਆਂ ਤਬਦੀਲੀਆਂ ਦੀ ਗਵਾਹ ਹੈ। ਇਸ ਗੱਲ ’ਤੇ ਮਾਣ ਵੀ ਹੁੰਦੈ ਕਿ ਅਸੀਂ ਇਹ ਕ੍ਰਾਂਤੀ ਆਪਣੀਆਂ ਅੱਖਾਂ ਨਾਲ ਵੇਖ ਸਕੇ ਹਾਂ। ਐਪਰ, ਇਸ ਗੱਲ ਦਾ ਦੁੱਖ ਉਸ ਮਾਣ ਨਾਲੋਂ ਵੀ ਵੱਡਾ ਹੈ ਕਿ ਇਸ ਕ੍ਰਾਂਤੀ ਨੇ ਕੇਵਲ ਤਕਨਾਲੋਜੀ ’ਚ ਹੀ ਤਬਦੀਲੀ ਲਿਆਂਦੀ ਹੈ, ਜ਼ਿਹਨੀਅਤ ’ਚ ਨਹੀਂ! ਕਾਲਾ ਰੰਗ ਅਜੇ ਵੀ ਸਾਡੇ ਲਈ ਮਨਹੂਸ ਹੀ ਹੈ।
ਕੁਦਰਤ ਨੇ ਧਰਤੀ ਦੇ ਹਰ ਹਿੱਸੇ ਨੂੰ ਵੱਖੋ-ਵੱਖਰਾ ਰੰਗ ਰੂਪ ਦਿੱਤਾ ਹੈ। ਹਰ ਹਿੱਸੇ ਦਾ ਜਲ-ਵਾਯੂ ਵੱਖਰਾ ਹੈ, ਹਰ ਹਿੱਸੇ ’ਚ ਰਹਿਣ ਵਾਲੇ ਮਨੁੱਖਾਂ ਦਾ ਰੰਗ-ਰੂਪ ਦੂਸਰੇ ਹਿੱਸੇ ਦੇ ਮਨੁੱਖਾਂ ਨਾਲੋਂ ਵੱਖਰਾ ਹੈ ਤੇ ਰਹਿਣ-ਸਹਿਣ, ਖਾਣ-ਪੀਣ ਵੀ ਵੱਖਰਾ। ਅਸੀਂ ਉਸ ਦੌਰ ਵਿੱਚ ਪਹੁੰਚ ਗਏ ਹਾਂ ਜਿੱਥੇ ਦੂਸਰੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪਹਿਨਣ, ਉਨ੍ਹਾਂ ਦੀਆਂ ਸੱਭਿਆਚਾਰਿਕ ਕਦਰਾਂ-ਕੀਮਤਾਂ ਪ੍ਰਤੀ ਸੰਵੇਦਨਸ਼ੀਲਤਾ, ਸਤਿਕਾਰ ਬਹੁਤ ਜਰੂਰੀ ਹੋ ਜਾਂਦਾ ਹੈ। ਪਰ ਇਸ ਦੇ ਉਲਟ ਅਸੀਂ ਚਾਹੁੰਦੇ ਕੀ ਹਾਂ? ਦੂਸਰਾ ਸਾਡੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰੇ ਪਰ ਸਾਡੇ ਤੋਂ ਅਜਿਹੀ ਆਸ ਨਾ ਰੱਖੇ!
ਕਿਸੇ ਵਿਅਕਤੀ ਦੇ ਰੰਗ-ਰੂਪ, ਨਸਲ, ਜਾਤ ਨੂੰ ਦੇਖਕੇ ਉਸ ਬਾਰੇ ਬਣਾਈ ਗਈ ਪੂਰਵ-ਧਾਰਨਾ ਅਕਸਰ ਵੱਡੇ ਬਖੇੜੇ ਖੜੇ ਕਰਦੀ ਹੈ। ਕਿਸੇ ਵੀ ਰੰਗ, ਕਿਸੇ ਵੀ ਨਸਲ, ਕਿਸੇ ਵੀ ਧਰਮ-ਜਾਤ ’ਚ ਨਾ ਤਾਂ ਸਾਰੇ ਲੋਕ ਚੰਗੇ ਹੋ ਸਕਦੇ ਹਨ ਤੇ ਨਾ ਹੀ ਮਾੜੇ। ਸਿਆਹਫਾਮ ਲੋਕ ਸਾਰੇ ਮਾੜੇ ਨਹੀਂ ਹੋ ਸਕਦੇ, ਸਫੈਦ ਜਾਂ ਰੰਗਦਾਰ ਚਮੜੀ ਵਾਲੇ ਸਾਰੇ ਚੰਗੇ ਨਹੀਂ ਹੋ ਸਕਦੇ। ਬਿਲਕੁਲ ਉਸੇ ਤਰਾਂ ਜਿਵੇਂ ਸਾਰੇ ਮੁਸਲਮਾਨ ਮਾੜੇ ਨਹੀਂ ਤੇ ਸਾਰੇ ਹਿੰਦੂ ਚੰਗੇ ਨਹੀਂ, ਸਾਰੇ ਸਿੱਖ ਵੱਖਵਾਦੀ-ਅੱਤਵਾਦੀ ਨਹੀਂ ਹੋ ਸਕਦੇ!
ਰੰਗਾਂ ਵਿਚਲੀ ਵੰਨ-ਸੁਵੰਨਤਾ ਆਲੇ ਦੁਆਲੇ ਨੂੰ ਖੂਬਸੂਰਤੀ ਬਖਸ਼ਦੀ ਹੈ। ਇਹੀ ਕਾਰਨ ਹੈ ਕਿ ਆਪਾਂ ਆਪਣੇ ਬਗੀਚੇ ’ਚ ਇੱਕੋ ਰੰਗ ਦੇ ਫੁੱਲ ਨਹੀਂ ਲਾਉਂਦੇ।
ਇੱਕ ਗੱਲ ਜ਼ਰਾ ਠੰਡੇ ਦਿਮਾਗ ਨਾਲ ਜਰੂਰ ਸੋਚੀਏ ਕਿ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥ; ਗੁਰੂ ਗ੍ਰੰਥ ਸਾਹਿਬ, ਕੁਰਾਨ, ਬਾਈਬਲ, ਗੀਤਾ, ਰਮਾਇਣ ਸਭ ਕਾਲੀ ਸਿਆਹੀ ਨਾਲ ਕਿਓਂ ਲਿਖੇ ਹੋਏ ਹਨ? ਕਾਲੀ ਸਿਆਹੀ ਨਾਲ ਉੱਕਰੇ ਲਫ਼ਜਾਂ ਦੀ ਪੂਜਾ ਤੇ ਕਾਲਾ ਰੰਗ ਫੇਰ ਵੀ ਮਾੜਾ ਕਿਓੁਂ!
ਰੰਗ ਕੋਈ ਵੀ ਬਦਰੰਗ ਨਹੀਂ ਹੋ ਸਕਦਾ, ਬਦਰੰਗ ਹੈ ਤਾਂ ਮਾਨਸਿਕਤਾ ਤੇ ਇਹ ਮਾਨਸਿਕਤਾ ਆਪਣੇ ਆਪ ਬਦਰੰਗ ਨਹੀਂ ਹੋ ਜਾਂਦੀ, ਸਗੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਈ ਨਹੀਂ ਲਗਦਾ ਕਿ ਤੁਹਾਡੇ ਅੰਦਰਲੇ ਰੰਗਾਂ ਨੂੰ ਕੋਈ ਹੌਲੀ-ਹੌਲੀ ਬਦਰੰਗ ਕਰੀ ਜਾ ਰਿਹੈ। ਤੁਹਾਡੇ ਅੰਦਰ ਹੌਲੀ-ਹੌਲੀ ਇੱਕ ਵੱਡੀ ਗੁਣਾਤਮਕ ਤਬਦੀਲੀ ਆ ਜਾਂਦੀ ਹੈ ਪਰ ਤੁਸੀਂ ਉਸ ਤੋਂ ਬੇਖ਼ਬਰ ਹੁੰਦੇ ਓ! ਤੁਹਾਨੂੰ ਉਹ ਦੂਸਰੇ ਦੀ ਰਸੋਈ ਦੀ ਤਲਾਸ਼ੀ ਲੈਣ ਲਈ ਮਜ਼ਬੂਰ ਕਰ ਦਿੰਦੇ ਹਨ! ਬੇਵਜ੍ਹਾ ਕਤਲ ਕਰਵਾ ਦਿੰਦੇ ਹਨ! ਤੁਸੀਂ ਜਦ ਕਤਲ ਦੇ ਇਲਜ਼ਾਮ ’ਚ ਘਿਰ ਜਾਂਦੇ ਓ, ਬਚ ਨਿਕਲਣ ਦਾ ਕੋਈ ਰਾਹ ਬਾਕੀ ਨਹੀਂ ਬਚਦਾ, ਫੇਰ ਤੁਹਾਡੀ ਅੱਖ ਖੁੱਲ੍ਹਦੀ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ !
ਇਸ ਲਈ ਜਰਾ ਬਚ ਕੇ ਬਦਰੰਗੀ-ਕਾਰੋਬਾਰੀਆਂ ਤੋਂ, ਅੱਜ-ਕੱਲ੍ਹ ਇਨ੍ਹਾਂ ਦਾ ਬਹੁਤ ਬੋਲ-ਬਾਲਾ ਹੈ!
ਬਾਬਾ ਬੁੱਲੇ ਸ਼ਾਹ ਦੇ ਬੋਲਾਂ ਨਾਲ ਆਪਣੀ ਗੱਲ ਸਮੇਟਣ ਦੀ ਇਜ਼ਾਜਤ ਚਾਹਾਂਗਾ;
ਮੈਂ ਕਾਲੀ ਤੇ ਮੇਰਾ ਯਾਰ ਵੀ ਕਾਲਾ
ਤੇ ਅਸੀਂ ਕਾਲੇ ਲੋਕ ਸਦੀਂਦੇ
ਨੀਮ ਪਹਾੜ ਦਾ ਸੁਰਮਾਂ ਵੀ ਕਾਲਾ,
ਲੋਕੀਂ ਅੱਖੀਆਂ ਵਿੱਚ ਪਵੀਂਦੇ
ਕੁਰਾਨ ਸ਼ਰੀਫ ਦੇ ਹਰਫ਼ ਵੀ ਕਾਲੇ,
ਲੋਕੀਂ ਜਿਸ ਵੱਲ ਜਾਣ ਭਜੀਂਦੇ
ਬੁੱਲੇ ਸ਼ਾਹ ਗੋਰੇ ਰੰਗ ਕੀ ਕਰਨੇ,
ਜਿਹੜੇ ਗਲੀਓਂ ਗਲੀ ਵਕੀਂਦੇ!
ਅਸੀਂ ਕਾਲੇ ਲੋਕ ਸਦੀਂਦੇ!
