Now Reading
ਅਮਰੀਕੀ ਨਸਲਵਾਦ ਦੀ ਹਕੀਕਤ ਅਤੇ ਭਵਿੱਖ

ਅਮਰੀਕੀ ਨਸਲਵਾਦ ਦੀ ਹਕੀਕਤ ਅਤੇ ਭਵਿੱਖ

ਸਤਨਾਮ ਚਾਨਾ
ਹਾਲਾਂ ਕਿ ਨਸਲ ਭੇਦ ਦਾ ਪਸਾਰ ਤਾਂ ਵਿਆਪਕ ਹੈ ਪਰ ਇਹ ਸ਼ਬਦ ਅਮਰੀਕਾ ਨਾਲ ਅਭੇਦ ਹੋ ਚੁਕਾ ਹੈ। ਅਮਰੀਕਾ ਨਸਲੀ ਜ਼ੁਲਮ ਚੱਕਰ ਦੀ ਲਗਾਤਾਰਤਾ ਕਾਰਨ ਇਸਦੇ ਕੇਂਦਰ ਵਜੋਂ ਆਪਣਾ ਥਾਂ ਬਣਾ ਚੁਕਾ ਹੈ। ਉੱਥੇ ਸਮੇਂ ਸਮੇਂ ਕੋਈ ਨਾ ਕੋਈ ਘਿਨਾਉਣੀ ਘਟਨਾ ਵਾਪਰਦੀ ਰਹਿੰਦੀ ਹੈ ਜਿਸਦਾ ਵੱਡਾ ਜਨਤਕ ਪ੍ਰਤੀਕਰਮ ਹੁੰਦਾ ਹੈ। ਅਮਰੀਕੀ ਨਸਲਵਾਦ ਦਾ ਸੰਕਲਪ, ਸਾਡੇ ਮਨ ਵਿਚ ਭਾਵੇਂਕਿ ਰੰਗ ਭੇਦ ਜਾਂ ਕਾਲਾ ਗੋਰਾ ਦਾ ਵਿਚਾਰ ਉਭਾਰਦਾ ਹੈ ਪ੍ਰੰਤੂ ਉਸਦੇ ਪ੍ਰਤੀਕਰਮ ਵਿਚ ਸਭ ਰੰਗ ਇਕੱਠੇ ਹੀ ਸੜਕਾਂ ਤੇ ਉੱਤਰੇ ਦਿਖਾਈ ਦਿੰਦੇ ਹਨ। ਇਹ ਪ੍ਰਤੀਕਰਮ ਸਮੇਂ ਸਮੇਂ ਕੋਈ ਨਾ ਕੋਈ ਕਨੂੰਨੀ ਅਤੇ ਸਮਾਜਿਕ ਪ੍ਰਾਪਤੀ ਕਰਨ ਵਿਚ ਸਫਲ ਵੀ ਹੋ ਜਾਂਦੇ ਰਹੇ ਹਨ। ਅਸੀਂ ਇਸਨੂੰ ਕੇਵਲ ਰੰਗ ਭੇਦ ਦੀ ਦ੍ਰੀਸ਼ਟੀ ਤੋਂ ਹੀ ਦੇਖਕੇ ਨਹੀਂ ਸਮਝ ਸਕਦੇ। ਅਮਰੀਕੀ ਨਸਲਵਾਦ ਬਹੁਤ ਗੁੰਝਲਦਾਰ ਅਤੇ ਅਨੇਕ ਪਰਤੀ ਵਿਵਸਥਾ ਹੈ।
ਇਸ ਵਿਸ਼ੇ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਸੰਕੇਤ ਮਾਤਰ, ਭਾਰਤੀਆਂ ਨਾਲ ਸਬੰਧਤ ਇਕ ਤੱਥ ਅੰਕਤ ਕਰ ਲੈਂਦੇ ਹਾਂ। ਵੀਹਵੀਂ ਸਦੀ ਦੇ ਅੱਧ ਤੱਕ ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ ਆਟੇ ਵਿਚ ਲੂਣ ਸਮਾਨ ਹੀ ਸੀ ਜੋ 1965 ਤੱਕ ਵਧ ਕੇ ਵੀ ਸਿਰਫ 50,000 ਤੱਕ ਹੀ ਪਹੁੰਚੀ ਸੀ। ਫਿਰ ਵੀ ਭਾਰਤੀਆਂ ਪ੍ਰਤੀ ਅਮਰੀਕੀਆਂ ਦੀ ਅਸਹਿਣਸ਼ੀਲਤਾ ਸਦੀ ਦੇ ਪਹਿਲੇ ਦਹਾਕੇ ਤੱਕ ਤਾਂ ਸਿਖਰ ਤੇ ਰਹੀ ਸੀ। ਸਤੰਬਰ 1907 ਵਿਚ ਹੀ ਭਾਰਤੀਆਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਦੋ ਸ਼ਹਿਰਾਂ ਵਿਚ ਭਾਰਤੀਆਂ ਤੇ ਹਮਲੇ ਕੀਤੇ ਗਏ ਜਿਨ੍ਹਾਂ ਵਿਚ ਵਸ਼ਿੰਗਟਨ ਵੀ ਸੀ। ਕਿਹਾ ਗਿਆ ਕਿ ਇਹ ਪੱਛਮੀ ਸਾਮਰਾਜ ਦੇ ਪਸਾਰ ਦਾ ਸਰੋਤ ਹਨ। ਸੰਨ 1923 ਵਿਚ ਇਸ ਨਫਰਤ ਦੀਆਂ ਜੜ੍ਹਾਂ ਨੰਗੀਆਂ ਹੋ ਗਈਆਂ ਜਦੋਂ ਭਗਤ ਸਿੰਘ ਥਿੰਦ ਨਾਮ ਦੇ ਭਾਰਤੀ ਦੇ ਕੇਸ ਉੱਤੇ ਫਤਵਾ ਦਿੰਦਿਆਂ ਉਥੋਂ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਉੱਚ ਜਾਤੀ ਦੇ ਭਾਰਤੀ ਗੋਰੇ ਨਹੀਂ ਹਨ ਇਸ ਕਰਕੇ ਨਸਲੀ ਦ੍ਰਿਸ਼ਟੀ ਤੋਂ ਨਾਗਰਿਕਤਾ ਦੇ ਅਧਿਕਾਰੀ ਨਹੀਂ (rac}a&&਼ }ne&}{}b&e for natura&}੍ਰed c}t}੍ਰensh}p . Rac}a& d}fference }s so {reat । ਭਾਰਤੀਆਂ ਨੇ ਆਪਣੇ ਆਪਨੂੰ ਉੱਤਮ ਸਾਬਤ ਕਰਨ ਲਈ ਆਰੀਅਨ ਹੋਣ ਦਾ ਦਾਅਵਾ ਵੀ ਕੀਤਾ ਪਰ ਕਿਸੇ ਨਾ ਸੁਣੀ। ਸੰਨ 1946 ਵਿਚ ਬਣਾਏ ਗਏ ਕਨੂੰਨ ਵਿਚ ਭਾਰਤੀਆਂ ਲਈ ਪ੍ਰਤੀ ਸਾਲ ਕੇਵਲ 100 ਭਾਰਤੀਆਂ ਨੂੰ ਨਾਗਰਿਕਤਾ ਦੇਣ ਦਾ ਕੋਟਾ ਹੀ ਨਿਰਧਾਰਤ ਕੀਤਾ ਗਿਆ ਸੀ। ਲਗਾਤਾਰ ਲੜੀ ਗਈ ਜਦੋਜਹਿਦ ਰੰਗ ਲਿਆਈ। ਨਤੀਜੇ ਵਜੋਂ 1965 ਵਿਚ ਭਾਰਤੀਆਂ ਲਈ ਵੀ ਨਾਗਰਿਕਤਾ ਖੋਲ੍ਹ ਦਿੱਤੀ ਗਈ। ਇਸ ਨਾਲ ਸਾਡਾ ਧਿਆਨ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਉਸ ਧਾਰਨਾ ਵੱਲ ਜਾਂਦਾ ਹੈ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਨਸਲਪ੍ਰਸਤੀ ਅਮਰੀਕੀ ਜਨਜੀਵਨ ਦੇ ਹਰ ਪਹਿਲੂ ਵਿਚ ਪਸਰ ਗਈ ਹੈ ਜਿਸਨੇ ਸਾਰੇ ‘ਕਲਰਡ’ ਭਾਈਚਾਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਨਸਲੀ ਵਿਤਕਰੇ ਦੇ ਖਾਤਮੇਂ ਲਈ ਸਥਾਪਤ ਸੰਯੁਕਤ ਰਾਸ਼ਟਰ ਕਮੇਟੀ ਨੇ ਅਗੱਸਤ 2017 ਵਿਚ ਅਮਰੀਕਾ ਨੂੰ ਨਸਲਵਾਦ ਵਿਰੁੱਧ ਅਜਿਹੀ ਸਖਤ ਤਾੜਨਾ ਭੇਜੀ ਜਿਹੜੀ ਪਹਿਲਾਂ ਕਿਸੇ ਨੂੰ ਨਹੀਂ ਭੇਜੀ ਗਈ। ਅੱਗੇ ਚੱਲਕੇ ਦੇਖਾਂਗੇ ਕਿ ਯੂਰੋਪੀਅਨਾਂ ਸਮੇਤ ਵਿਸ਼ਵ ਦੀਆਂ ਕਿਹੜੀਆਂ ਕੌਮਾਂ ਹਨ ਜਿਹੜੀਆਂ ਅਮਰੀਕੀ ਨਸਲਵਾਦ ਦੇ ਪ੍ਰਕੋਪ ਤੋਂ ਬਚੀਆਂ ਹਨ? ਪਹਿਲਾਂ ਇਸ ਦੇ ਸਭ ਤੋਂ ਵੱਧ ਘਿਨਾਉਣੇ ਰੂਪ ਵੱਲ ਆਉਂਦੇ ਹਾਂ।
ਅਮਰੀਕੀ ਨਸਲਵਾਦ ਅੱਤਿਆਚ ਦਾ ਕ੍ਰਮਵਿਧਾਨਕ (S਼stemat}੍ਰed) ਰੂਪ ਹੈ ਜਿਸ ਉੱਪਰ ਨਜ਼ਰਸਾਨੀ ਲਈ ਪਹਿਲਾਂ, ਉਦਾਹਰਣ ਵਜੋਂ, ਬੀਤੇ ਦੀਆਂ, ਪਰ ਤਾਜ਼ਾ ਤਿੰਨ ਘਟਨਾਵਾਂ ਤੇ ਚਰਚਾ ਕਰਾਂਗੇ, ਜਿਨ੍ਹਾਂ ਕਾਰਨ ਉੱਠੇ ਜਨਤਕ ਰੋਹ ਨੇ ਅਮਰੀਕੀ ਜਨਜੀਵਨ ਨੂੰ ਝੰਜੋੜ ਦਿੱਤਾ ਸੀ। ਇਨ੍ਹਾਂ ਵਿਚ ਜੌਰਜ ਫਲੋਏਡ ਦੇ ਕਤਲ ਦੀ ਘਟਨਾ ਸ਼ਾਮਿਲ ਨਹੀਂ ਜਿਸ ਦਾ ਰੋਸ ਅਮਰੀਕਾ ਤੋਂ ਬਾਹਰ ਵੀ ਫੈਲਿਆ ਅਤੇ ਜਿਸ ਵਿਚ ਕਾਲੇ ਅਤੇ ਗੋਰੇ ਇਕ ਮੁੱਠ ਹੋ ਕੇ ਨਿੱਤਰੇ। ਇਸ ਘਟਨਾ ਬਾਰੇ ਕਾਫੀ ਜਾਣਕਾਰੀ ਪਾਠਕਾਂ ਦੇ ਮਨ ਵਿਚ ਪਹਿਲਾਂ ਹੀ ਤਾਜ਼ਾ ਹੈ।
ਚਰਚਾ ਫਰਵਰੀ 1960 ਵਿਚ ਵਾਪਰੀ ਇਕ ਅਤਿਅੰਤ ਰੌਚਿਕ ਘਟਨਾ ਨਾਲ ਸ਼ੁਰੂ ਕਰਦੇ ਹਾਂ ਜਿਹੜੀ ਉੱਤਰੀ ਕੈਲੇਫੋਰਨੀਆ ਵਿਚ ਵਾਪਰੀ। ਚਾਰ ਅਫਰੀਕਨ ਕਾਲੇ ਜੋ ਕਾਲਜ ਦੇ ਵਿਦਿਆਰਥੀ ਸਨ ‘ਵੂਲਵਰਥ’ ਸਟੋਰ ਵਿਚ ਦਾਖਲ ਹੋਏ ਅਤੇ ਬਾਰ ਦੇ ਕਾਊਂਟਰ ਤੇ ਬੈਠ ਗਏ। ਵੇਟਰ ਨੇ ਸਰਵ ਕਰਨ ਤੋਂ ਨਾਂਹ ਕਰ ਦਿੱਤੀ। ਪਰ ਉਹ ਉੱਠੇ ਨਹੀਂ ਸਗੋਂ ਧਰਨਾ ਮਾਰਕੇ ਬੈਠੇ ਰਹੇ। ਵਿਦਿਆਰਥੀ ਸ਼ਾਂਤਮਈ ਅੰਦੋਲਨ ਦਾ ਮਨ ਬਣਾਕੇ ਆਏ ਸਨ। ਗੋਰੇ ਗਾਹਕਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਦੇ ਉਨ੍ਹਾਂ ਦੇ ਸਿਰ ਵਿਚ ਚੱਟਣੀ ਡੋਲ੍ਹ ਦਿਆ ਕਰਨ ਅਤੇ ਕਦੇ ਸੁਲਘਦੀ ਸਿਗਰਟ ਲਾ ਦਿਆ ਕਰਨ। ਪਰ ਕਾਲੇ ਵਿਦਿਆਰਥੀ ਭੜਕਾਹਟ ਵਿਚ ਨਾ ਆਏ। ਸ਼ਾਂਤਮਈ ਰਹੇ। ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਦੂਜੇ ਥਾਹਾਂ ਤੇ ਵੀ ਵਿਦਿਆਰਥੀਆਂ ਨੇ ਇੰਝ ਹੀ ਕਰਨਾ ਸ਼ੁਰੂ ਕਰ ਦਿੱਤਾ। ਇਹ ਲਹਿਰ ਅਮਰੀਕਾ ਦੇ ਸਾਰੇ ਦੱਖਣੀ ਭਾਗ ਵਿਚ ਫੈਲ ਗਈ। ਨਤੀਜੇ ਵਜੋਂ ਬਾਰਾਂ ਅਤੇ ਰੈਸਟੋਰੈਂਟਾਂ ਵਿਚ ਕਾਲਿਆਂ ਨੂੰ ਵੱਖਰੇ ਬਿਠਾਉਣਾ ਬੰਦ ਕਰਨਾ ਪਿਆ। ਇਹ ਆਪਣੇ ਹੀ ਕਿਸਮ ਦੀ ਜਿੱਤ ਸੀ।
ਦੂਜੀ ਘਟਨਾ 1955 ਦੀ ਹੈ ਜੋ ਸ਼ਿਕਾਗੋ ਵਿਚ ਵਾਪਰੀ। ਏਮਿੱਟ ਟਿੱਲ ਨਾਂ ਦਾ ਇਕ 14 ਸਾਲਾ ਅਫਰੀਕੀ ਕਾਲਾ ਗੱਭਰੂ ਸ਼ਿਕਾਗੋ ਤੋਂ ਛੁੱਟੀਆਂ ਕੱਟਕੇ ਆ ਰਿਹਾ ਸੀ । ਰਸਤੇ ਵਿਚ ਇਕ ਗੋਰੀ ਔਰਤ ਨੇ ਸ਼ੋਰ ਮਚਾ ਦਿੱਤਾ ਕਿ ਉਸ ਗਭਰੂ ਨੇ ਉਸਨੂੰ ਅੱਖ ਮਾਰੀ ਹੈ। ਗੋਰਿਆਂ ਦੇ ਗਰੁੱਪ ਨੇ ਏਮਿੱਟ ਟਿੱਲ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਅਤੇ ਉਸਦੀ ਅੱਖ ਕੱਢ ਦਿੱਤੀ । ਉਹ ਇੱਥੇ ਹੀ ਨਹੀਂ ਰੁਕੇ ਸਗੋਂ ਉਸ ਦੀ ਲਾਸ਼ ਦੇ ਗਲ੍ਹੇ ਨਾਲ 32 ਕਿੱਲੋ ਰੂੰ ਬੰਨ੍ਹਕੇ ‘ਤਲਾਹਚੇ’ ਨਦੀ ਵਿਚ ਸੁੱਟ ਦਿੱਤਾ। ਏਮਿੱਟ ਟਿੱਲ ਦੀ ਮਾਂ ਨੇ ਹਿੰਮਤ ਦਿਖਾਈ ਅਤੇ ਉਸਦੀ ਦੇਹ ਨੂੰ ਸ਼ਿਕਾਗੋ ਲੈ ਆਈ। ਲੋਕਾਂ ਨੇ ਮ੍ਰਿਤਕ ਦੇਹ ਨੂੰ ਲੈਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਨਾਲ ਜਿੱਥੇ ਅਮਰੀਕੀ ਨਸਲਪ੍ਰਸਤੀ ਦੀ ਭੰਡੀ ਸਾਰੀ ਦੁਨੀਆਂ ਵਿਚ ਹੋਈ ਉੱਥੇ ਅਮਰੀਕਾ ਦੀ ਨਿਆਂ ਪ੍ਰਣਾਲੀ ਦਾ ਵੀ ਹੀਜ਼ ਪਿਆਜ ਨੰਗਾ ਹੋ ਗਿਆ। ਜਿਊਰੀ ਗੋਰਿਆਂ ਦੀ ਸੀ ਜਿਸਨੇ ਕਾਤਲਾਂ ਨੂੰ ਬਰੀ ਕਰ ਦਿੱਤਾ । ਪਰ ਇਸ ਨਾਲ ਨਸਲੀ ਨਫਰਤ ਦੇ ਵਿਰੋਧ ਦੀ ਲਹਿਰ ਸਿਖਰਾਂ ਤੇ ਚਲੀ ਗਈ ।
ਤੀਜੀ ਘਟਨਾ 1956 ਦੀ ਹੈ ਜੋ ਅਲਬਾਮਾ ਦੇ ਮਿੰਟਗੁਮਰੀ ਵਿਚ ਵਾਪਰੀ ਜਦੋਂ ਬੱਸ ਵਿਚ ਸਫਰ ਕਰਦਿਆਂ ਇਕ ਕਾਲੀ ਔਰਤ ਨੇ ਇਕ ਗੋਰੇ ਮਰਦ ਵਾਸਤੇ ਸੀਟ ਨਾ ਛੱਡੀ। ਔਰਤ ਦਾ ਨਾਮ ਰੋਜ਼ਾ ਪਾਸਕਲ ਸੀ । ਉਸ ਕਾਲੀ ਔਰਤ ਨੂੰ ਅਪਮਾਨਤ ਕੀਤਾ ਗਿਆ। ਇਸਨੇ ਬੱਸਾਂ ਦੇ ਬਾਈਕਾਟ ਦੇ ਅੰਦੋਲਨ ਨੂੰ ਜਨਮ ਦਿੱਤਾ ਜਿਸਨੂੰ ‘ਮਹਾਨ ਬੱਸ ਬਾਈਕਾਟ’ ਵਜੋਂ ਜਾਣਿਆ ਜਾਂਦਾ ਹੈ। ਇਹ ਅੰਦੋਲਨ 381 ਦਿਨ ਚੱਲਿਆ ਜਿਸ ਦੀ ਅਗਵਾਈ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕੀਤੀ। ਅਫਰੀਕਨ ਅਮਰੀਕੀਆਂ ਨਾਲ ਅਜਿਹੇ ਜ਼ੁਲਮਾਂ ਅਤੇ ਉਨ੍ਹਾਂ ਦੇ ਅਪਮਾਨ ਦੀਆਂ ਸੈਂਕੜੇ ਘਟਨਾਵਾਂ ਹਨ ਜਿਨ੍ਹਾਂ ‘ਤੇ ਤਿੱਖੇ ਪ੍ਰਤੀਕਰਮ ਹੋਏ ਅਤੇ ਅੱਜ ਵੀ ਹੋ ਰਹੇ ਹਨ । ਉਨ੍ਹਾਂ ਸੰਘਰਸ਼ਾਂ ਦੀ ਬਦੌਲਤ ਅਮਰੀਕਾ ਅੰਦਰ 1965 ਵਿਚ ਸਿਵਲ ਰਾਈਟਸ ਐਕਟ ਪਾਸ ਹੋਇਆ ਅਤੇ 1965 ਵਿਚ ਵੋਟ ਦਾ ਅਧਿਕਾਰ ਮਿਲ ਗਿਆ । ਪਰ ਨਸਲੀ ਨਫਰਤ ਅਤੇ ਕਨੂੰਨੀ ਅਨਿਆਏ ਬੰਦ ਨਹੀਂ ਹੋਇਆ । ਪੁਲਿਸ ਘੱਟ ਗਿਣਤੀਆਂ ਉੱਪਰ ਸਿੱਧੇ ਹਮਲੇ ਕਰਦੀ ਹੈ । ਹਰਲੇਮ ਵਿਚ ਸਥਿੱਤ ‘ਸ਼ੋਂਬਰਗ ਸੈਂਟਰ ਫਾਰ ਰਿਸਰਚ ਇਨ ਬਲੈਕ ਕਲਚਰ’ ਦੇ ਡਾਇਰੈਕਟਰ ਖਲੀਲ ਜਿਬਰਾਨ ਹਮੀਦ ਨੇ 1935 ਤੋਂ ਬਾਅਦ ਦੀਆਂ, ਨਸਲੀ ਹਿੰਸਾ ਦੀਆਂ 100 ਘਟਨਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵਿਚੋਂ ਤਕਰੀਬਨ ਹਰੇਕ ਘਟਨਾ ਵਿਚ ਪੁਲਿਸ ਨੇ ਨਸਲਪ੍ਰਸਤਾਂ ਦਾ ਸਾਥ ਦਿੱਤਾ। ਏਸੇ ਤਰ੍ਹਾਂ 2017 ਦੇ ਕੈਮਰਾ ਅਧਿਅਨ ਤੋਂ ਪਤਾ ਲੱਗਾ ਹੈ ਕਿ ਪੁਲਿਸ ਕਾਲਿਆਂ ਨਾਲ ਵੱਖਰਾ ਵਰਤਾਓ ਕਰਦੀ ਹੈ। ਸੰਨ 2016 ਦੀ ਸਇਏਟਲ ਪੁਲਿਸ ਦੀਆਂ ਰਿਪੋਰਟਾਂ ਨੇ ਉਜਾਗਰ ਕੀਤਾ ਹੈ ਕਿ ਏਸ਼ੀਅਨਾਂ ਵਿਰੁੱਧ ਹੁੰਦੇ ਜ਼ੁਲਮਾਂ ਵਿਚ 40% ਦਾ ਵਾਧਾ ਹੋਇਆ ਹੈ। ਦੂਸਰੀਆਂ ਨਸਲਾਂ ਪ੍ਰਤੀ ਅਮਰੀਕੀ ਗੋਰਿਆਂ ਦਾ ਕੀ ਰਵੱਈਆਂ ਹੈ ਇਸ ਬਾਰੇ ਚਰਚਾ ਅਗੇ ਚੱਲਕੇ ਕਰਾਂਗੇ । ਪਹਿਲਾਂ ਇਸ ਨਸਲਪ੍ਰਸਤੀ ਦੀਆਂ ਜੜ੍ਹਾਂ ਖੋਜ ਲਈਏ ।
ਅਮਰੀਕਾ ਅੰਦਰ ਨਸਲੀ ਨਫਰਤ ਦੀ ਉਠਾਣ ਭਾਵੇਂ 1600 ਈਸਵੀ ਵਿਚ ਹੋਈ ਮੰਨੀ ਜਾਂਦੀ ਹੈ ਜਦੋਂ ਪੂੰਜੀਵਾਦ ਹੋਂਦ ਵਿਚ ਆਉਂਦਾ ਹੈ ਪਰੰਤੂ ਇਸ ਦੀ ਜੜ੍ਹ ਯੁਰੋਪੀਅਨਾਂ ਦੀ ਅਮਰੀਕਾ ਵਿਚ ਆਮਦ ਨਾਲ ਹੀ ਲੱਗ ਗਈ ਸੀ ਜਦੋਂ ਉਨ੍ਹਾਂ ਨੇ 10 ਹਜ਼ਾਰ ਸਾਲਾਂ ਤੋਂ ਅਮਰੀਕਾ ਦੀ ਧਰਤੀ ਤੇ ਵਸੇ ਹੋਏ ਮੂਲ ਨਿਵਾਸੀਆਂ ਦਾ ਉਜਾੜਾ ਸ਼ੁਰੂ ਕੀਤਾ ਸੀ, ਜਿਨ੍ਹਾਂ ਦੀ ਅਬਾਦੀ ਮਿਲੀਅਨਜ਼ ਵਿਚ ਸੀ । ਅਮਰੀਕਾ ਦੇ ਮੂਲ ਨਿਵਾਸੀ ਬਹੁਤ ਸਾਰੇ ਕਬੀਲੇ ਸਨ ਜਿਨ੍ਹਾਂ ਨੂੰ ਅਸੀਂ, ਆਮ ਕਰਕੇ ਰੇੱਡ ਇੰਡੀਅਨਜ਼ ਹੀ ਕਹਿ ਲੈਂਦੇ ਹਾਂ । ਯੂਰੋਪੀਅਨਜ਼ ਨੇ ਲਗਾਤਾਰ ਉਨ੍ਹਾਂ ਵਿਰੁੱਧ ਹਥਿਆਰਬੰਦ ਲੜਾਈਆਂ ਲੜੀਆਂ । ਉਨ੍ਹਾਂ ਨੂੰ ਉਜਾੜ ਕੇ ਕੁਦਰਤੀ ਵਸੀਲਿਆਂ ਤੇ ਕਬਜ਼ਾ ਕੀਤਾ ਅਤੇ ਸਮਝੌਤਿਆਂ ਲਈ ਮਜਬੂਰ ਕਰਕੇ ਜ਼ਮੀਨਾਂ ਹਥਿਆ ਲਈਆਂ । ਉਦਾਹਰਣ ਦੇ ਤੌਰ ‘ਤੇੇ ਮਾਨੀਸੋਟਾ ਦੇ ਇਲਾਕੇ ਵਿਚੋਂ ਰੈੱਡ ਇੰਡੀਅਨਜ਼ ਨੂੰ ਉਜਾੜਨ ਲਈ 1861 ਵਿਚ ‘ਜੰਗਲ ਦੇ ਸੂਰਮੇਂ’ ਨਾਮ ਦਾ ਦਲ ਬਣਾ ਲਿਆ ਗਿਆ ਜਿਸਨੇ ਹਜ਼ਾਰਾਂ ਹੀ ਮੂਲਨਿਵਾਸੀ ਕਤਲ ਕਰ ਛੱਡੇ। ਯੂਰੋਪੀਅਨਾ ਨੇ ਮੂਲ ਨਿਵਾਸੀ ਕਬੀਲਿਆਂ, ਖਾਸ ਕਰਕੇ ‘ਚੋਕਤਾਜ਼’ ਅਤੇ ‘ਚਿਕਾਸਾਜ਼’ ਦੀ ਦਸ਼ਾ ਅਫਰੀਕਨ ਗੁਲਾਮਾਂ ਨਾਲੋਂ ਵੀ ਬਦਤਰ ਬਣਾ ਦਿੱਤੀ ਸੀ । ਇਕ ਜਾਣਕਾਰੀ ਅਨੁਸਾਰ 18ਵੀਂ ਸਦੀ ਵਿਚ 800 ‘ਚੋਕਤਾਜ਼’ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਸੀ। ਅੱਗੇ ਚੱਲਕੇ ਜਦੋਂ ਅਸੀਂ ਗੁਲਾਮਾਂ ਬਾਰੇ ਗੱਲ ਕਰਾਂਗੇ ਤਾਂ ਨਾਲ ਇਹ ਵੀ ਯਾਦ ਰੱਖਣਾ ਪਏਗਾ ਕਿ ਗੁਲਾਮ ਬਣਾਉਣ ਲਈ ਅਮਰੀਕੀ ਯੂਰੋਪੀਅਨਾਂ ਨੂੰ ਕਾਲੇ ਜਾਂ ਗੋਰੇ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਜੇਕਰ ਅਸੀਂ ਗੋਰਿਆਂ ਵੱਲੋਂ ਕਾਲਿਆਂ ਨੂੰ ਗੁਲਾਮ ਬਣਾਏ ਜਾਣ ਦਾ ਸਿੱਧਾ ਸਾਦਾ ਸੰਕਲਪ ਬਣਾ ਲਵਾਂਗੇ ਤਾਂ ਅਮਰੀਕੀ ਨਸਲਵਾਦ ਨੂੰ ਸਮਝਣ ਵਿਚ ਅਵੱਸ਼ ਹੀ ਗਲਤੀ ਖਾ ਜਾਵਾਂਗੇ। ਇਕ ਸੂਚਨਾ ਅਨੁਸਾਰ 1864 ਵਿਚ 8000 ‘ਨਵਾਜੋਸ’ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ 3500 ਭੁੱਖ ਨਾਲ ਹੀ ਮਰ ਗਏ। ਪਰ ਮੂਲ ਨਿਵਾਸੀਆਂ ਨੇ ਸਾਰੀ ਉਨੀਵੀਂ ਸਦੀ ਯੂਰੋਪੀਅਨਾ ਵਿਰੁੱਧ ਹਥਿਆਰਬੰਦ ਝੜਪਾਂ ਜਾਰੀ ਰੱਖੀਆਂ ਸਨ। ਜਿਸਦੇ ਬਦਲੇ ਵਿਚ ਗੋਰਿਆਂ ਨੇ ਚੁਣ-ਚੁਣ ਕੇ ਬੁੱਢਿਆਂ, ਬੱਚਿਆਂ ਅਤੇ ਇਸਤਰੀਆਂ ਦਾ ਕਤਲ ਕੀਤਾ।  ਉਨ੍ਹਾਂ ਨੇ ਇਹ ਵਿਚਾਰ ਬਣਾ ਲਿਆ ਕਿ ਜਿੱਥੇ ਏਨੇ ਪਾਪ ਕੀਤੇ ਹਨ ਉੱਥੇ ਇਕ ਹੋਰ ਸਹੀ । ਰੈੱਡ ਇੰਡੀਅਨਜ਼ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਜਾਵੇ ਨਹੀਂ ਤਾਂ ਭਵਿੱਖ ਮੁਸੀਬਤਾਂ ਭਰਿਆ ਹੋਵੇਗਾ । ਇਹ ਤਾਂ ਨਾ ਹੋ ਸਕਿਆ ਪਰੰਤੂ ਮੂਲ ਨਿਵਾਸੀਆਂ ਦੀ ਸਾਰੀ ਭੋਏਂ ਹੜੱਪ ਲੈਣ ਉਪਰੰਤ ਬਚਿਆਂ ਖੁਚਿਆਂ ਨੂੰ ਬਰਾਬਰ ਦੇ ਹੱਕਾਂ ਤੋਂ ਮਹਿਰੂਮ ਕਰ ਦਿੱਤਾ । ਭਾਵੇਂ ਕਿ 1924 ਵਿਚ ਇਨ੍ਹਾਂ ਮੂਲ ਨਿਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਸੀ । ਫਿਰ ਭੀ 1928 ਵਿਚ ਹਿਟਲਰ ਨੇ ਲੱਖਾਂ ਰੈੱਡ ਇੰਡੀਅਨਜ਼ ਦੇ ਵਢਾਂਗੇ ਦੀ ਪ੍ਰਸੰਸਾ ਕੀਤੀ ਸੀ । ਮੂਲ ਨਿਵਾਸੀਆਂ ਦੇ ਉਜਾੜੇ, ਮਾਰਧਾੜ ਅਤੇ ਉਨ੍ਹਾਂ ਨੂੰ ਗੁਲਾਮ ਬਣਾਏ ਜਾਣ ਦੀ ਉਪਰੋਕਤ ਚਰਚਾ, ਅੱਗੇ ਚੱਲਕੇ ਅਮਰੀਕੀ ਨਸਲਪ੍ਰਸਤੀ ਨੂੰ ਸਮਝਣ ਵਿਚ ਸਾਡੀ ਸਹਾਇਤਾ ਕਰੇਗੀ ।
ਇਤਿਹਾਸ ਵਿਚ ਦੋ ਨਾਮ ਬਹੁਤ ਉਭਾਰੇ ਗਏ ਹਨ, ਵਾਸਕੋ ਡਾ ਗਾਮਾ ਅਤੇ ਕਰਿਸਟੋਫਰ ਕੋਲੰਬਸ । ਵਾਸਕੋ ਡਾ ਗਾਮਾ ਪੁਰਤਗੇਜ਼ੀ ਸੀ ਅਤੇ ਕੋਲੰਬਸ ਇਟੈਲੀਅਨ । ਗਾਮਾ 1497 ਵਿਚ ਭਾਰਤ ਦੀ ਧਰਤੀ ਤੇ, ਕਾਲੀਕੱਟ ਪਹੁੰਚਾ ਸੀ ਅਤੇ ਕੋਲੰਬਸ ਨੇ ਉਸ ਤੋਂ ਪੰਜ ਸਾਲ ਪਹਿਲਾਂ 1492 ਵਿਚ ਅਮਰੀਕਾ ” ਲੱਭਿਆ ” ਸੀ । ਹਾਲਾਂ ਕਿ ਉਪਰੋਕਤ ‘ਪ੍ਰਾਪਤੀਆਂ’ ਕਰਨ ਵਾਲੇ ਇਹ ਦੋ ਯਾਤਰੂ ਪਹਿਲੇ ਨਹੀਂ ਸਨ ਜਿਹੜੇ ਕਰਮਵਾਰ ਭਾਰਤ ਅਤੇ ਅਮਰਿਕਾ ਪਹੁੰਚੇ ਸਨ । ਉਨ੍ਹਾਂ ਤੋਂ ਹਜ਼ਾਰਾਂ ਸਾਲ ਪਹਿਲਾਂ ਦੂਜੀਆਂ ਨਸਲਾਂ ਦੇ ਲੋਕ ਭਾਰਤ ਵਿਚ ਵੀ ਅਤੇ ਅਮਰੀਕਾ ਵਿਚ ਵੀ ਪਹੁੰਚ ਚੁਕੇ ਸਨ । ਸਗੋਂ, ਨਵੀਆਂ ਖੋਜਾਂ ਅਨੁਸਾਰ ਏਸ਼ੀਅਨ ਲੋਕ, ਅਲਾਸਕਾ ਰਾਹੀਂ, ਤਕਰੀਬਨ 15000 ਸਾਲ ਪਹਿਲਾਂ ਅਮਰੀਕੀ ਮਹਾਂਦੀਪ ਵਿਚ ਜਾ ਵਸੇ ਸਨ । ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਦੇ ‘ਆਰੀਜ਼ੋਨਾ’ ਦਾ ਚਰਿਤਰ ਚੀਨੀਆਂ ਵਾਲਾ ਹੈ ਅਤੇ 1421 ਵਿਚ ਚੀਨੀਆਂ ਨੇ ਦੱਖਣੀ ਅਮਰੀਕਾ ਨੂੰ ਆਪਣੀ ਕਲੋਨੀ ਬਣਾਇਆ ਸੀ । ਅਸਲ ਵਿਚ ਇਹ ਦੋਵੇਂ ਸੱਜਣ ਸਾਮਰਾਜ ਦੇ ਜਨਮਦਾਤਾ ਸਨ ਜਿਸ ਕਰਕੇ ਸਾਮਰਾਜੀ ਹੀਰੋ ਹੋਣ ਕਾਰਨ ਇਨ੍ਹਾਂ ਨੂੰ ਸਿਰ ਤੇ ਚੁੱਕ ਲਿਆ ਗਿਆ । ਬਾਅਦ ਵਿਚ ਗਾਮਾ ਅਤੇ ਕੋਲੰਬਸ, ਕਰਮਵਾਰ ਭਾਰਤ ਅਤੇ ਅਮਰੀਕਾ ਦੇ ਗਵਰਨਰ ਬਣਾ ਦਿੱਤੇ ਗਏ ਸਨ । ਇਹ ਦੋਵੇਂ ਵਪਾਰ ਦਾ ਸਮੁੰਦਰੀ ਰੂਟ ਖੋਹਲਣ ਵਾਲੇ ਵੀ ਪਹਿਲੇ ਬੰਦੇ ਨਹੀਂ ਸਨ । ਸਗੋਂ ਵਾਸਕੋ ਡਾ ਗਾਮਾ ਇਕ ਭਾਰਤੀ ਵਪਾਰੀ ਦੇ ਸਮੁੰਦਰੀ ਬੇੜੇ ਦੀ ਸਹਾਇਤਾ ਨਾਲ ਹੀ ਅਫਰੀਕਾ ਤੋਂ ਕਾਲੀਕੱਟ ਪਹੁੰਚਿਆ ਸੀ। ‘ਚੰਦਨ’ ਨਾਮ ਦੇ ਉਸ ਭਾਰਤੀ ਬੇੜੇ ਦਾ ਸਾਈਜ਼ ਦੇਖ ਕੇ ਗਾਮਾ ਦੰਗ ਰਹਿ ਗਿਆ ਸੀ ਤੇ ਉਸਨੂੰ ਆਪਣਾ ਬੇੜਾ ਉਸਦੇ ਸਾਹਮਣੇ ਬੇੜੀ ਲੱਗਣ ਲੱਗ ਪਿਆ ਸੀ। ਇਹ ਭਾਰਤੀ ਗਰਮ ਮਸਾਲਿਆਂ ਅਤੇ ਚੰਦਨ ਦੀ ਲਕੜੀ ਦਾ ਵਪਾਰੀ ਸੀ । ਪਰ ਵਾਸਕੋ ਡਾ ਗਾਮਾ ਅਤੇ ਕੋਲੰਬਸ ਨੇ ਅੰਤਰ ਮਹਾਂਦੀਪੀ ਵਪਾਰ ਵਿਚ ਸਿਫਤੀ ਪਰਿਵਰਤਨ ਕਰਕੇ ਸਾਮਰਾਜ ਦੇ ਉਭਾਰ ਦਾ ਰਾਹ ਪੱਧਰਾ ਕਰ ਦਿੱਤਾ।
ਉਸ ਸਮੇਂ ਅਫਰੀਕੀ ਗੁਲਾਮ ਵੀ ਗਰਮ ਮਸਾਲਿਆਂ, ਸੋਨਾ ਅਤੇ ਚੰਦਨ ਦੀ ਲਕੜੀ ਵਾਂਗ ਇਕ ਜਿਣਸ ਹੀ ਸਨ ਜੋ ਦੂਜੀਆਂ ਜਿਣਸਾਂ ਨਾਲ ਵੱਟਾਂਦਰੇ ਵਿਚ ਖਰੀਦੇ ਵੇਚੇ ਜਾਂਦੇ ਸਨ। ਉਸ ਸਮੇਂ ਵਪਾਰੀਆਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਸ ਜਿਣਸ (ਗੁਲਾਮ) ਵਿਚ ਚੇਤਨਾ ਵੀ ਹੈ ਜੋ ਇਕ ਦਿਨ ਜਾਗੇਗੀ। ਪੂੰਜੀਵਾਦ ਦੀ ਚੜ੍ਹਤ ਵਿਚ ਗੁਲਾਮ ਉਤਪਾਦਨ ਦਾ ਅਤਿਅੰਤ ਲਾਹੇਵੰਦ ਸਾਧਨ ਸਾਬਤ ਹੋਏ। ਜਿਵੇਂ ਏਸ਼ੀਆ ਤੋਂ ਯੋਰਪ ਨੂੰ ਗਰਮ ਮਸਾਲਿਆਂ ਦਾ ਵਪਾਰ ਹੋਣ ਲੱਗਾ ਇਵੇਂ ਹੀ ਅਫਰੀਕਾ ਤੋਂ ਅਮਰੀਕਾ ਨੂੰ ਗੁਲਾਮਾਂ ਦਾ ਵਪਾਰ ਹੋਣ ਲੱਗਾ ਜੋ ਕਾਫੀ ਤੇਜ਼ੀ ਨਾਲ ਵਧਿਆ। ਅਮਰੀਕੀ ਪੂਜੀਪਤੀਆਂ ਅਤੇ ਧੰਨਵਾਨਾਂ ਦੀ ਅਮੀਰੀ ਉਨ੍ਹਾਂ ਦੇ ਗੁਲਾਮਾਂ ਦੀ ਗਿਣਤੀ ਨਾਲ ਮਿਣੀ ਜਾਣ ਲੱਗੀ। ਜਿੰਨੇ ਗੁਲਾਮਾਂ ਦਾ ਮਾਲਿਕ ਓਨੇ ਹੀ ਧੰਨ ਦਾ ਮਾਲਿਕ।
ਜਿਣਸਾਂ ਅਤੇ ਕੱਚੇ ਮਾਲ ਵਾਂਗ ਹੀ ਗੁਲਾਮਾਂ ਦੇ ਭਰੇ ਹੋਏ ਸਮੁੰਦਰੀ ਬੇੜੇ ਅਮਰੀਕੀ ਮਹਾਂਦੀਪ ਤੇ ਪਹੁੰਚਣ ਲੱਗੇ। ਗੁਲਾਮਾਂ ਦੇ ਵਪਾਰ ਨੇ ਪੂੰਜੀਵਾਦ ਦੀਆਂ ਨੀਹਾਂ ਪੱਕੀਆਂ ਕਰ ਦਿੱਤੀਆਂ। ਜਿਸਨੂੰ ਓਦੋਂ ‘ਅਟਲਾਂਟਿਕ ਸਲੇਵ ਟਰੇਡ’ ਕਿਹਾ ਜਾਂਦਾ ਸੀ ਜੋ ਕਾਫੀ ਮੁਨਾਫਾਖੋਰ ਧੰਦਾ ਸੀ । ਯੂਰੋਪੀਅਨ ਪੂੰਜੀਪਤੀ ਆਪਣੀ ਚੜ੍ਹਤ ਤੋਂ ਸਮਝ ਗਏ ਕਿ ਉਨ੍ਹਾਂ ਦੀ ਪ੍ਰਫੁਲਤਾ ਦਾ ਰਾਜ਼ ਤਕਨਾਲੋਜੀ, ਪੂੰਜੀ ਅਤੇ ਬੰਦੂਕ ਹੈ । ਉਹ ਅੱਜ ਵੀ ਇਸੇ ਸਬਕ ‘ਤੇ ਚੱਲ ਰਹੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਅਮਰੀਕਾ ਵਿਚ ਗੁਲਾਮੀ ਦੀ ਪ੍ਰਥਾ 1627 ਵਿਚ ਸ਼ੁਰੂ ਹੋਈ ਸੀ ਜਦੋਂ ਪ੍ਰਵਾਸੀਆਂ ਦਾ ਭਰਿਆ ਪਹਿਲਾ ਜਹਾਜ਼ ਵਰਜੀਨੀਆ ਦੀ ਬੰਦਰਗਾਹ ਤੇ ਲੱਗਾ ਜਿਸ ਵਿਚ ਗੋਰਿਆਂ ਦੇ ਨਾਲ ਵੱਡੀ ਗਿਣਤੀ ਵਿਚ ਕਾਲੇ ਗੁਲਾਮ ਵੀ ਸਨ। ਇਸ ਉਪਰੰਤ ਗੋਰੇ ਪ੍ਰਵਾਸੀ ਯੂਰੋਪ ਤੋਂ ਆ ਕੇ ਧੜਾਧੜ ਵਸਣੇ ਸ਼ੁਰੂ ਹੋਏ। ਉਹ ਆਪਣੇ ਨਾਲ ਲੱਖਾਂ ਦੀ ਗਿਣਤੀ ਵਿਚ ਅਫਰੀਕੀ ਗੁਲਾਮਾਂ ਨੂੰ ਲੈ ਆਏ। ਉਹ ਮਜ਼ਦੂਰ ਨਹੀਂ ਸਨ, ਗ਼ੁਲਾਮ ਸਨ ਅਤੇ ਮਾਲਕ ਦਾ ਦਿੱਤਾ ਕੋਈ ਵੀ ਕੰਮ ਕਰਨ ਲਈ ਮਜਬੂਰ ਸਨ। ਸੰਨ 1790 ਵਿਚ ਹੀ ਅਮਰੀਕਾ ਅੰਦਰ ਕਾਲਿਆਂ ਦੀ ਗਿਣਤੀ 20 ਪ੍ਰਤੀਸ਼ਤ ਹੋ ਗਈ ਸੀ। ਉਪਲੱਭਦ ਜਾਣਕਾਰੀ ਅਨੁਸਾਰ 1626 ਤੋਂ 1860 ਦਰਮਿਆਨ 4,70,000 ਗੁਲਾਮਾਂ ਨੂੰ ਜ਼ਬਰਦਸਤੀ ਯੂ ਐਸ ਲਿਆਂਦਾ ਗਿਆ। ਘਰੇਲੂ ਜੰਗ ਤੋਂ ਪਹਿਲਾਂ ਹਰ ਚੌਥੇ ਪਰਿਵਾਰ ਕੋਲ ਇਕ ਗੁਲਾਮ ਸੀ । ਸੰਨ 1860 ਦੀ ਜਨ ਗਣਨਾ ਅਨੁਸਾਰ 3,85,000 ਪਰਿਵਾਰਾਂ ਕੋਲ ਅਫਰੀਕੀ ਗੁਲਾਮ ਸਨ ਜਿਨ੍ਹਾਂ ਦੀ ਕੁਲ ਗਿਣਤੀ 70 ਲੱਖ ਸੀ। ਇਸ ਜਨਗਣਨਾ ਨੇ ਯੂਰੋਪੀਅਨ ਗੋਰਿਆਂ ਦੇ ਮਨਾਂ ਵਿਚ ਕਾਲਿਆਂ ਦੀ ਬਗਾਵਤ ਦਾ ਭੈਅ ਪੈਦਾ ਕਰ ਦਿੱਤਾ। ਗੁਲਾਮਾਂ ਦਾ ਵਪਾਰ ਰੋਕਣ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਕਈ ਕਦਮ ਉਠਾਏ ਗਏ ਜਿਨ੍ਹਾਂ ਵਿਚ ਕਨੂੰਨ ਪ੍ਰਬੰਧ ਤੋਂ ਇਲਾਵਾ ਜਨਤਕ ਅਤੇ ਸਰਕਾਰੀ ਤਸ਼ੱਦਦ ਵੀ ਸ਼ਾਮਿਲ ਸੀ। ਸਟੇਟ ਮਿਲੀਸ਼ੀਆ ਬਣਾਈ ਗਈ। ਗੁਲਾਮਾਂ ਨੂੰ ਲਾਲਚ ਦਿੱਤਾ ਗਿਆ ਕਿ ਜਿਹੜੇ ਗੁਲਾਮ ਆਪਣੇ ਆਪ ਦੇਸ਼ ਛੱਡਣਾ ਚਾਹੁਣਗੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਜਾਏਗਾ। ਗੁਲਾਮਾਂ ਦੇ ਪਰਿਵਾਰ ਤੋੜ ਦਿੱਤੇ ਗਏ। ਪਰਿਵਾਰ ਦੇ ਹਰ ਮੈਂਬਰ ਨੂੰ ਵੱਖ ਵੱਖ ਦਿਸ਼ਾਵਾਂ ਵਿਚ ਭੇਜ ਦਿੱਤਾ ਗਿਆ ਤਾਂ ਕਿ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਣ ਅਤੇ ਰਿਸ਼ਤੇ ਭੁੱਲ ਜਾਣ। ਸੰਨ 1830 ਤੋਂ 1840 ਦਰਮਿਆਨ 2,50,000 ਅਤੇ ਅਗਲੇ ਦਸ ਸਾਲਾਂ ਵਿਚ 1,93,000 ਗੁਲਾਮ ਇੱਕ ਰਾਜ ਤੋਂ ਦੂਜੇ ਵਿਚ ਲਿਜਾਏ ਗਏ। ਕੁਲ ਮਿਲਾਕੇ ਗਿਣਤੀ ਮਿਲੀਅਨਜ਼ ਵਿਚ ਜਾਂਦੀ ਹੈ। ਦਸ ਲੱਖ ਨੂੰ ਜਬਰੀ ਪ੍ਰਵਾਸ ਕਰਾ ਦਿੱਤਾ ਗਿਆ। ਇਸ ਤਬਾਦਲੇ ਨਾਲ ਅਬਾਦੀ ਦਾ ਨਸਲੀ ਤਵਾਜ਼ਨ ਵੀ ਪ੍ਰਭਾਵਤ ਹੋਇਆ।
1861 ਤੋਂ 1865 ਤੱਕ ਖਾਨਾ ਜੰਗੀ ਹੋਈ। ਤਕਰੀਬਨ 8% ਗੁਲਾਮ ਇਸ ਜੰਗ ਵਿਚ ਮਾਰੇ ਗਏ। ਅਬਰਾਹਮ ਲਿੰਕਨ ਦੀ ਅਗਵਾਈ ਹੇਠ ਅਮਰੀਕਾ ਦੇ ਸੰਵਿਧਾਨ ਵਿਚ ਤਰਮੀਮਾਂ ਹੋਈਆਂ। ਪਰ ਬਰਾਬਰੀ ਦੇ ਅਧਿਕਾਰ ਦੀਆਂ ਇਹ ਤਰਮੀਮਾਂ ਬਹੁਤੀ ਦੇਰ ਨਾ ਚੱਲੀਆਂ। ਫਿਰ ਖੋਹ ਲਈਆਂ ਗਈਆਂ। ਕਾਲਿਆਂ ਨੂੰ ਵੱਖ ਝੁਗੀਆਂ ਬਣਾਕੇ ਰਹਿਣਾ ਪੈਂਦਾ ਸੀ ਅਤੇ ਚੱਲਣ ਲਈ ਰਸਤੇ ਵੱਖਰੇ ਸਨ। ਅੰਤ 1865 ਵਿਚ 40 ਲੱਖ ਗੁਲਾਮ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਫਿਰ ਨਾਗਰਿਕਤਾ ਦੇ ਦਿੱਤੀ ਗਈ ਅਤੇ ਵੋਟ ਦੇ ਅਧਿਕਾਰ ਦਾ ਵਾਅਦਾ ਕੀਤਾ ਗਿਆ। ਇਸ ਤਰ੍ਹਾਂ ਸੰਵਿਧਾਨਕ ਸੋਧਾਂ ਦਾ ਸਿਲਸਿਲਾ ਜਾਰੀ ਹੋ ਗਿਆ। ਪਰ ਨਸਲੀ ਨਫਰਤ ਅਮਰੀਕੀ ਗੋਰਿਆਂ ਦੇ ਲਹੂ ਵਿੱਚੋਂ ਨਹੀਂ ਗਈ ਇਸ ਦਾ ਪ੍ਰਗਟਾਵਾ ਸਟੇਟ ਮਸ਼ੀਨਰੀ ਵਿਚ ਵੀ ਹੁੰਦਾ ਹੈ। ‘ਕੂ ਕਲੱਕਸ ਕਲਾਂ’ ਵਰਗੇ ਸ਼ਕਤੀਸ਼ਾਲੀ ਨਫਰਤੀ ਗਰੁੱਪ ਉਨ੍ਹਾਂ ਉੱਪਰ ਲਗਾਤਾਰ ਕਾਤਲਾਨਾ ਹਮਲੇ ਕਰਦੇ ਰਹੇ। ਇਹ ਸਿਲਸਿਲਾ ਅੱਜ ਵੀ ਜਾਰੀ ਹੈ ਜਿਨ੍ਹਾਂ ਦਾ ਸੰਕੇਤ ਮਾਤਰ ਜ਼ਿਕਰ ਉੱਪਰ ਵੀ ਆਇਆ ਹੈ। ਅਮਰੀਕਾ ਦੇ ਕਨੂੰਨਾਂ ਦਾ ਵਿਕਾਸ ਹੱਥਲੀ ਲਿਖਤ ਦਾ ਵਿਸ਼ਾ ਨਹੀਂ । ਕੇਵਲ ਏਨਾ ਯਾਦ ਕਰਨਾ ਹੀ ਕਾਫੀ ਹੈ ਕਿ 1967 ਵਿਚ ਵਰਜੀਨੀਆ ਦੇ ਇਕ ਗੋਰੇ ਨੇ ਇਕ ਕਾਲੀ ਇਸਤ੍ਰੀ ਨਾਲ ਸ਼ਾਦੀ ਕਰ ਲਈ ਸੀ ਜਿਸ ਕਰਕੇ ਉਸਨੂੰ ਇਕ ਸਾਲ ਦੀ ਸਜ਼ਾ ਕੱਟਣੀ ਪਈ ਸੀ ।
ਆਖਰੀ ਸਵਾਲ ਇਹ ਹੈ ਕਿ ਕੀ ਅਮਰੀਕਨ ਗੋਰੇ ਕੇਵਲ ਅਫਰੀਕੀ ਕਾਲਿਆਂ ਨਾਲ ਹੀ ਨਫਰਤ ਕਰਦੇ ਹਨ ? ਅਮਰੀਕੀ ਨਸਲਵਾਦ ਦਾ ਇਹ ਪੱਖ ਵੀ ਗੰਭੀਰਤਾ ਨਾਲ ਜਾਨਣ ਦੀ ਜ਼ਰੂਰਤ ਹੈ । ਉਦਾਹਰਣ ਵਾਸਤੇ 1879 ਵਿਚ ਕੈਲੇਫੋਰਨੀਆ ਨੇ ਚੀਨੀਆਂ ਦੇ ਨੌਕਰੀ ਕਰਨ ਤੇ ਪਾਬੰਦੀ ਲਾ ਦਿੱਤੀ ਸੀ ਅਤੇ ਸਥਾਨਿਕ ਸਰਕਾਰਾਂ ਨੂੰ ਸਟੇਟ ਵਿਚੋਂ ਕੱਢ ਦੇਣ ਦਾ ਵੀ ਅਧਿਕਾਰ ਦੇ ਦਿੱਤਾ ਸੀ, 1882 ਵਿਚ ਇਹ ਕਨੂੰਨ ਕੌਮੀ ਪੱਧਰ ਤੇ ਲਾਗੂ ਕਰ ਦਿੱਤਾ ਅਤੇ 1885 ਅਤੇ 1887 ਵਿਚ ਚੀਨੀਆਂ ਦਾ ਕਤਲੇਆਮ ਕੀਤਾ। ਸੰਨ 1790 ਵਿਚ ਸਾਰੇ ਏਸ਼ੀਅਨਾ ਨੂੰ ਨਾਗਰਿਕਤਾ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ। ਅਫਰੀਕਾ ਦੇ ਕਾਲੇ ਜਾਂ ਏਸ਼ਿਆ ਦੇ ਪੀਲੇ ਲੋਕਾਂ ਤੋਂ ਬਿਨਾਂ ਯੂਰੋਪ ਦੀਆਂ ਵੀ ਕਈ ਕੌਮਾਂ ਵੱਖ-ਵੱਖ ਕਾਰਨਾਂ ਕਰਕੇ ਅਮਰੀਕੀ ਨਸਲੀ ਵਿਤਕਰੇ ਦੀਆਂ ਸ਼ਿਕਾਰ ਰਹੀਆਂ ਜਿਨ੍ਹਾਂ ਵਿਚ ਕੈਥੋਲਿਕ ਅਤੇ ਅਇਰਸ਼ ਲੋਕ ਵੀ ਸ਼ਾਮਿਲ ਸਨ । ਸੰਸਾਰ ਜੰਗਾਂ ਦੀ ਦ੍ਰਿਸ਼ਟੀ ਤੋਂ ਜਰਮਨਾਂ ਅਤੇ ਇਟੈਲੀਅਨਾਂ ਨੂੰ ਨਸਲ ਦੇ ਰੂਪ ਵਿਚ ਨਫਰਤ ਕੀਤੀ ਗਈ । ਮੈਕਸੀਕਨਾਂ ਨਾਲ ਘੋਰ ਨਫਰਤ ਰਹੀ ਹੈ ਅਤੇ ਉਨ੍ਹਾਂ ਦੀਆ ਹੱਤਿਆਵਾਂ ਹੁੰਦੀਆਂ ਰਹੀਆਂ ਹਨ । ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿਚ ਮੈਕਸੀਕਨਾਂ ਦਾ ਦੇਸ਼ ਨਿਕਾਲਾ ਕੀਤਾ ਗਿਆ । ਹਾਲਾਂ ਕਿ ਉਨ੍ਹਾਂ ਵਿਚ 60% ਅਮਰੀਕੀ ਨਾਗਰਿਕ ਸਨ । ਇਸਲਾਮੋ-ਫੋਬੀਆ ਕਾਰਨ ਸਾਰਾ ਅਰਬ ਸੰਸਾਰ ਅਮਰੀਕਾ ਨਾਲ ਤਣਾਓ ਵਿਚ ਹੈ । ਅਮਰੀਕਾ ਅੰਦਰ ਕੁਝ ਕੌਮਾਂ ਦੀ ਦਿੱਖ ਹੀ ਨਫਰਤ ਦਾ ਕਾਰਨ ਬਣੀ ਹੋਈ ਹੈ । ਭਾਰਤੀ ਪਰਵਾਸੀਆਂ ਬਾਰੇ ਥੋੜ੍ਹਾ ਜਿਹਾ ਜ਼ਿਕਰ ਉੱਪਰ ਕੀਤਾ ਗਿਆ ਹੈ ।
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਰਾਜਨੀਤਕ ਦ੍ਰਿਸ਼ਟੀ ਨਾਲੋਂ ਨਸਲੀ ਦ੍ਰਿਸ਼ਟੀ ਨੂੰ ਤਰਜੀਹ ਦੇਣਾ ਪਸੰਦ ਕਰਦਾ ਹੈ । ਜਦੋਂ ਉਹ ਕਿਸੇ ਦੇਸ਼ ਦੀ ਸੱਤਾ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦਾ ਤਾਂ ਉਹ ਉਸ ਕੌਮ ਦੀ ਨਸਲ ਨੂੰ ਹੀ ਨਾਪਸੰਦ ਕਰ ਦਿੰਦਾ ਹੈ ਉਸ ਨਸਲ ਜਾਂ ਧਰਮ ਦੇ ਸਾਰੇ ਲੋਕਾਂ ਨੂੰ ਇਕ ਰੱਸੇ ਬੰਨ੍ਹ ਦਿੰਦਾ ਹੈ, ਫਿਰ ਚਾਹੇ ਉਹ ਜਰਮਨ ਹੋਣ ਜਾਂ ਮੁਸਲਮਾਨ । ਦੂਜੀ ਨਸਲ ਦੇ ਲੋਕ, ਆਪਣੀ ਪੁਸ਼ਾਕ ਜਾਂ ਦਿੱਖ ਕਾਰਨ ਵੀ ਅਮਰੀਕੀ ਨਸਲਪ੍ਰਸਤਾਂ ਦੀ ਨਫਰਤ ਦਾ ਸ਼ਿਕਾਰ ਹੋ ਸਕਦੇ ਹਨ । ਪਰ ਇਸਦਾ ਉਤਸ਼ਾਹਜਨਕ ਭਾਗ ਇਹ ਵੀ ਹੈ ਕਿ ਪਿੱਛਲੇ ਸਮਿਆਂ ਵਿਚ ਉੱਠੇ ਜਨਤਕ ਉਭਾਰਾਂ ਨੇ, ਜਿਨ੍ਹਾਂ ਵਿਚ ਸਾਰੀਆਂ ਨਸਲਾਂ ਦੇ ਲੋਕਾਂ ਨੇ ਏਕਤਾ ਦਿਖਾਈ, ਸਾਬਤ ਕੀਤਾ ਹੈ ਕਿ ਅਮਰੀਕੀ ਨਸਲਪ੍ਰਸਤੀ ਦੀ ਉਮਰ ਹੁਣ ਥੋੜ੍ਹੀ ਹੀ ਰਹਿ ਗਈ ਹੈ । ਪਰ ਅਮਰੀਕੀ ਸੱਤਾ ਦੇ ਭਵਿਖੀ ਰਵੱਈਏ ਬਾਰੇ ਅੰਦਾਜ਼ਾ ਲਾਉਣਾ ਅਜੇ ਸੰਭਵ ਨਹੀਂ ਹੈ।

Scroll To Top