ਆਰ.ਐਮ.ਪੀ.ਆਈ. ਵਲੋਂ ਅਧਿਆਪਕ ਤੇ ਵਿਦਿਆਰਥੀ ਸੰਘਰਸ਼ ਦਾ ਮੁਕੰਮਲ ਸਮਰਥਨ
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਵਲੋਂ ਅਪਣਾਈ ਗਈ ਜਾਬਰਾਨਾ ਪਹੁੰਚ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਅਧਿਆਪਕ ਸੰਘਰਸ਼ ਦੇ ਮੁਕੰਮਲ ਸਮਰਥਨ ਦਾ ਐਲਾਨ ਕੀਤਾ ਹੈ।
ਇਥੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਹੈ ਕਿ ਅਧਿਆਪਕਾਂ ਦੀਆਂ ਸੇਵਾਵਾਂ ਨੇਮਬੱਧ (ਰੈਗੂਲਰ) ਕਰਨ ਵਾਸਤੇ ਉਨ੍ਹਾਂ ਦੀਆਂ ਮੌਜੂਦਾ ਤਨਖਾਹਾਂ ‘ਚ 67 ਫੀਸਦੀ ਕਟੌਤੀ ਕਰਨ ਦੀ ਮਿਸਾਲ ਦੁਨੀਆਂ ਭਰ ‘ਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸ਼ਰਮਨਾਕ ਪਹੁੰਚ ਦੇਸ਼ ਦੇ ਕਾਨੂੰਨ ਦੇ ਵੀ ਖਿਲਾਫ਼ ਹੈ।
ਵਰਣਨਯੋਗ ਹੈ ਕਿ ਪੰਜਾਬ ਸਰਕਾਰ ਦੀ ਜਾਬਰਾਨਾ ਪਹੁੰਚ ਖਿਲਾਫ਼ ‘ਸਾਂਝਾ ਅਧਿਆਪਕ ਮੋਰਚਾ’ ਦੇ ਬੈਨਰ ਹੇਠ ਅਧਿਆਪਕਾਂ ਨੇ ਆਪਣੀਆਂ ਨੌਕਰੀਆਂ ਤੇ ਤਨਖਾਹਾਂ ਬਚਾਉਣ ਅਤੇ ਹੋਰ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪਟਿਆਲਾ ‘ਚ ਪੱਕਾ ਮੋਰਚਾ ਲਾਇਆ ਹੋਇਆ ਹੈ ਅਤੇ 17 ਅਧਿਆਪਕ ਪਿਛਲੇ 6 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹੋਏ ਹਨ।
ਸਾਥੀ ਪਾਸਲਾ ਅਤੇ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਅੰਦੋਲਨਕਾਰੀ ਅਧਿਆਪਕਾਂ ਦਾ ਮਨੋਬਲ ਤੋੜਨ ਲਈ ਸਰਕਾਰ ਉਨ੍ਹਾਂ ਦੇ ਆਗੂਆਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀਆਂ ਵੱਡੀ ਪੱਧਰ ‘ਤੇ ਦੂਰ ਦੁਰਾਡੇ ਬਦਲੀਆਂ ਕਰਨ ਦੇ ਰਾਹ ਪਈ ਹੋਈ ਹੈ। ਇਸ ਅਣਮਨੁੱਖੀ ਕਾਰਵਾਈ ਦੀ ਜ਼ਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ।
ਉਨ੍ਹਾ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ‘ਚ ਖ਼ੁਦ ਦਖਲ ਦੇ ਕੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ। ਉਨ੍ਹਾਂ ਅਧਿਆਪਕ ਆਗੂਆਂ ਦੀਆਂ ਬਦਲੀਆਂ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੀ ਸਿਹਤ ਬਾਰੇ ਚਿੰਤਾ ਜਾਹਿਰ ਕਰਦਿਆਂ ਉਨ੍ਹਾਂ ਨਾਲ ਦਿਲੀ ਹਮਦਰਦੀ ਜਾਹਰ ਕੀਤੀ ਹੈ।
ਇਸੇ ਦੌਰਾਨ ਆਰ.ਐਮ.ਪੀ.ਆਈ. ਆਗੂਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਦੋਲਨਕਾਰੀ ਵਿਦਿਆਰਥੀ-ਵਿਦਿਆਰਥਣਾਂ ਤੇ ‘ਵਰਸਿਟੀ ਪ੍ਰਸ਼ਾਸ਼ਨ ਵਲੋਂ ਆਪਣੇ ਗੁੰਡਿਆਂ ਰਾਹੀਂ ਕਰਵਾਏ ਗਏ ਹਮਲੇ ਅਤੇ ਵਿਦਿਆਰਥੀ ਆਗੂਆਂ ‘ਤੇ ਝੂਠੇ ਕੇਸ ਦਰਜ ਕੀਤੇ ਜਾਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ, ਜੋ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਹਨ।